ਸ਼ਾਹਕੋਟ/ਮਲਸੀਆਂ, 28 ਜੁਲਾਈ

(ਸਾਹਬੀ ਦਾਸੀਕੇ ਸ਼ਾਹਕੋਟੀ )

ਮਲਸੀਆਂ ਵਿਖੇ ਪੰਚਾਇਤੀ ਜਮੀਨ ਤੇ ਪਿੱਛਲੇ ਕਈ ਸਾਲਾਂ ਤੋਂ ਰੇਹੜੀਆਂ ਅਤੇ ਫੜੀਆਂ ਵਾਲਿਆ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਪਰ ਹੁਣ ਪੰਚਾਇਤ ਸਮਿਤੀ ਵੱਲੋਂ ਨਜਾਇਜ਼ ਕਬਜ਼ੇ ਹਟਵਾਕੇ ਮਲਸੀਆਂ ਮੇਨ ਚੌਂਕ ਦੇ ਸਾਹਮਣੇ ਬਸ ਸਟੈਂਡ ਅਤੇ ਦੁਕਾਨਾਂ ਬਣਾਉਣ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ। ਜਿਸ ਸਬੰਧੀ ਮੰਗਲਵਾਰ ਨੂੰ ਮਲਕੀਤ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ ਦੀ ਅਗਵਾਈ ’ਚ ਜਦ ਰੇਹੜੀਆਂ ਅਤੇ ਫੜੀਆਂ ਵਾਲਿਆ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ ਤਾਂ ਉਨਾਂ ਵੱਲੋਂ ਅਧਿਕਾਰੀਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ, ਜਿਸ ਦੌਰਾਨ ਮੌਕੇ ’ਤੇ ਪੁਲਿਸ ਨੂੰ ਬੁਲਾਉਣਾ ਪਿਆ। ਇਸ ਮੌਕੇ ਮਲਕੀਤ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ ਨੇ ਕਿਹਾ ਜਿਸ ਜਗਾਂ ਰੇਹੜੀਆਂ ਅਤੇ ਫੜੀਆਂ ਵਾਲਿਆ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹਨ, ਉਹ ਜਗਾ ਪੰਚਾਇਤ ਸਮਿਤੀ ਦੀ ਹੈ ਅਤੇ ਇਸ ਜਗਾਂ ਬਸ ਸਟੈਂਡ ਅਤੇ 20 ਦੁਕਾਨਾਂ ਦੀ ਪ੍ਰਜੋਜਲ ਬਣਾਈ ਗਈ ਹੈ, ਜਿਸ ਦਾ ਕੰਮ ਅੱਜ ਸ਼ੁਰੂ ਕੀਤਾ ਜਾਣਾ ਸੀ, ਪਰ ਰੇਹੜੀਆਂ ਅਤੇ ਫੜੀਆਂ ਵਾਲਿਆ ਵਾਲੇ ਨਜਾਇਜ਼ ਕਬਜ਼ੇ ਨਹੀਂ ਹਟਾ ਰਹੇ। ਇਸ ਮੌਕੇ ਰੇਹੜੀਆਂ ਅਤੇ ਫੜੀਆਂ ਵਾਲਿਆ ਦੀ ਹਮਾਇਤ ਤੇ ਆਏ ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਪ੍ਰਧਾਨ ਕਾਮਰੇਡ ਨਿਰਮਲ ਸਹੋਤਾ ਮਲਸੀਆਂ ਨੇ ਕਿਹਾ ਕਿ ਜਿਹੜੀ ਜਗਾਂ ਪੰਚਾਇਤੀ ਸਮਿਤੀ ਦੇ ਅਧਿਕਾਰੀ ਆਪਣੀ ਕਹਿ ਰਹੇ ਹਨ, ਉਹ ਜਗਾਂ ਤੇ ਰੇਹੜੀਆਂ ਅਤੇ ਫੜੀਆਂ ਵਾਲਿਆ ਵਾਲੇ ਲੰਮੇ ਸਮੇਂ ਤੋਂ ਆਪਣੇ ਕਾਰੋਬਾਰ ਚਲਾ ਰਹੇ ਹਨ। ਉਨਾਂ ਕਿਹਾ ਕਿ ਰੇਹੜੀਆਂ ਅਤੇ ਫੜੀਆਂ ਵਾਲਿਆ ਦੇ ਕਬਜ਼ੇ ਹਟਾਉਣ ਨਾਲ ਉਨਾਂ ਦਾ ਰੁਜ਼ਗਾਰ ਖੁਸ ਜਾਵੇਗਾ। ਉਨਾਂ ਕਿਹਾ ਕਿ ਪੰਚਾਇਤ ਸਮਿਤੀ ਰੇਹੜੀਆਂ ਅਤੇ ਫੜੀਆਂ ਵਾਲਿਆ ਦੇ ਕਾਰੋਬਾਰ ਚਲਾਉਣ ਲਈ ਠੋਸ ਪ੍ਰਬੰਧ ਕਰੇ। ਇਸ ਦੌਰਾਨ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ, ਚੌਂਕੀ ਇੰਚਾਰਜ਼ ਮਲਸੀਆਂ ਸੰਜੀਵਨ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਤੇ ਏ.ਐਸ.ਆਈ. ਜਗਤਾਰ ਸਿੰਘ ਨੇ ਰੇਹੜੀਆਂ ਅਤੇ ਫੜੀਆਂ ਵਾਲਿਆ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਬਾਰ-ਬਾਰ ਅਪੀਲ ਕੀਤੀ, ਪਰ ਉਹ ਆਪਣੇ ਫੈਸਲੇ ਤੇ ਅੜੇ ਰਹੇ। ਅਖੀਰ ਜਦ ਪੁਲਿਸ ਨੇ ਸਖ਼ਤ ਰੁਖ ਅਪਣਾਇਆ ਤਾਂ ਪੁਲਿਸ ਮੁਲਾਜ਼ਮਾਂ ਅਤੇ ਪ੍ਰਦਰਸ਼ਨ ਕਰ ਰਹੇ ਰੇਹੜੀਆਂ ਅਤੇ ਫੜੀਆਂ ਵਾਲਿਆ ਵਿੱਚ ਆਪਸੀ ਮਾਮੂਲੀ ਝੜਪ ਵੀ ਹੋਈ। ਇਸ ਮੌਕੇ ਮਲਕੀਤ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ ਨੇ ਕਿਹਾ ਕਿ ਇਸ ਜਗਾਂ ਦੁਕਾਨਾਂ ਬਣਾਈਆ ਜਾ ਰਹੀਆਂ ਹਨ, ਉਹ ਦੁਕਾਨਾਂ ਪਹਿਲਾ ਤੋਂ ਇਸ ਜਗਾਂ ਰੇਹੜੀਆਂ ਅਤੇ ਫੜੀਆਂ ਵਾਲਿਆ ਨੂੰ ਹੀ ਕਿਰਾਏ ਤੇ ਦਿੱਤੀਆਂ ਜਾਣਗੀਆਂ। ਮਸਲਾ ਹੱਲ ਨਾ ਹੋਣ ਕਾਰਨ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਵੱਲੋਂ ਪੰਚਾਇਤੀ ਸਮਿਤੀ ਅਤੇ ਰੇਹੜੀਆਂ ਅਤੇ ਫੜੀਆਂ ਵਾਲਿਆ ਦੀ ਬਣੀ ਯੂਨੀਅਨ ਦੇ ਨੁਮਾਇੰਦਿਆ ਵਿੱਚ ਮੀਟਿੰਗ ਰੱਖਵਾਈ ਗਈ। ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਿੱਚ ਉੱਕਤ ਮਸਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ।