(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ

ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਦੀ ਪੱਤੀ ਹਵੇਲੀ ਵਿਖੇ ਇੱਕ ਘਰ ’ਚ ਰੱਖੀ ਪਾਲਤੂ ਗਾਂ ਨੂੰ ਚੋਰੀ ਕਰਕੇ ਉਸਦੀ ਲੱਤ ਵੱਢਣ ਅਤੇ ਜ਼ਖਮੀ ਗਾਂ ਨੂੰ ਦੂਰ ਕਿਸੇ ਪਿੰਡ ਵਿਚ ਸੁੱਟ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਤੇ ਉਸਦੀ ਪਤਨੀ ਜਸਵਿੰਦਰ ਕੌਰ ਵਾਸੀ ਪੱਤੀ ਹਵੇਲੀ (ਮਲਸੀਆਂ) ਨੇ ਦੱਸਿਆ ਕਿ ਉਨਾਂ ਦੇ ਘਰ ਇੱਕ ਕਾਲੇ ਰੰਗ ਦੀ ਗਾਂ ਪਿੱਛਲੇ 4 ਸਾਲਾਂ ਤੋਂ ਰੱਖੀ ਹੋਈ ਹੈ, ਜੋ ਕਿ ਉਨਾਂ ਦੇ ਘਰ ਨੇੜੇ ਪਲਾਟ ਵਿਚ ਸੀ ਅਤੇ ਸੂਣ ਵਾਲੀ ਸੀ। ਉਨਾਂ ਦੱਸਿਆ ਕਿ ਸਾਡੀ ਰਿਸ਼ਤੇਦਾਰੀ ਵਿਚ ਇੱਕ ਵਿਆਹ ਹੋਣ ਕਾਰਨ ਉਨਾਂ ਦਾ ਵਿਆਹ ਵਿੱਚ ਆਉਣਾ-ਜਾਣਾ ਲੱਗਾ ਹੋਇਆ ਸੀ। ਇਸੇ ਦੌਰਾਨ ਮਲਸੀਆਂ ਦੇ ਇੱਕ ਵਿਅਕਤੀ ਨੇ ਉਨਾਂ ਦੀ ਗਾਂ ਨੂੰ ਕਿਤੇ ਹੋਰ ਥਾਂ ਲਿਜਾ ਕੇ ਉਸ ਦੀ ਇੱਕ ਲੱਤ ਵੱਢ ਕੇ ਨਾਲੋਂ ਲਾਹ ਦਿੱਤੀ ਅਤੇ ਜ਼ਖਮੀ ਹਾਲਤ ’ਚ ਗਾਂ ਨੂੰ ਨਕੋਦਰ ਦੇ ਰਸਤੇ ਪਿੰਡ ਲੱਧੜਾਂ ਨੇੜੇ ਸੁੱਟ ਦਿੱਤਾ। ਉਨਾਂ ਦੱਸਿਆ ਕਿ ਗਾਂ ਬਾਰੇ ਉਨਾਂ ਨੂੰ ਪਤਾ ਲੱਗਾ ਤਾਂ ਉਹ ਉਥੋਂ ਗਾਂ ਨੂੰ ਘਰ ਲੈ ਕੇ ਆਏ ਅਤੇ ਉਸਦਾ ਇਲਾਜ ਸ਼ੁਰੂ ਕਰਵਾਇਆ। ਉਨਾਂ ਦੱਸਿਆ ਕਿ ਅਜਿਹੀ ਮਾੜੀ ਹਰਕਤ ਕਰਨ ਵਾਲਾ ਵਿਅਕਤੀ ਹੋਰ ਅਵਾਰਾ ਪਸ਼ੂਆਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮਾਰ ਦਿੰਦਾ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮਲਸੀਆਂ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸੰਜੀਵਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਿਕਾਇਤਕਰਤਾ ਵੱਲੋਂ ਜਿਸ ਵਿਅਕਤੀ ’ਤੇ ਦੋਸ਼ ਲਗਾਏ ਹਨ, ਉਸ ਨੂੰ ਵੀ ਚੌਂਕੀ ਬੁਲਾਇਆ ਗਿਆ ਸੀ ਅਤੇ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਮਾਮਲੇ ਨਾਲ ਸਬੰਧਤ ਜੋ ਵੀ ਦੋਸ਼ੀ ਹੈ, ਉਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।