ਫਗਵਾੜਾ (ਡਾ ਰਮਨ /ਅਜੇ ਕੋਛੜ ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਵਾਰਡ ਨੰਬਰ 37 ਦੇ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰਨਾਨਕ ਪੁਰਾ ਅਤੇ ਖੇੜਾ ਰੋਡ ਵਿਖੇ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਰਾਸ਼ਨ ਦੇਣ ਤੋਂ ਪਹਿਲਾਂ ਆਪਣੇ ਅਤੇ ਰਾਸ਼ਨ ਲੈਣ ਵਾਲੇ ਪਰਿਵਾਰਕ ਮੈਂਬਰ ਦੇ ਹੱਥਾਂ ਨੂੰ ਸੈਨਿਟਾਈਜਰ ਨਾਲ ਸਾਫ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ 73ਵੀਂ ਮਾਸਿਕ ਸਫਾਈ ਮੁਹਿਮ ਚਲਾਈ ਗਈ ਜੋ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਸਮਰਪਿਤ ਸੀ। ਇਸ ਸਫਾਈ ਮੁਹਿਮ ਤਹਿਤ ਵਾਰਡ ਦੀਆਂ ਗਲੀਆਂ ਦੀ ਸਫਾਈ ਕੀਤੀ ਗਈ ਅਤੇ ਸਾਰੇ ਘਰਾਂ ਵਿਚ ਸੈਨੇਟਾਈਜਰ ਛਿੜਕਾਅ ਕੀਤਾ ਗਿਆ। ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਚਲਾਈ ਜਾਂਦੀ ਇਸ ਮੁਹਿਮ ‘ਚ ਮਲਕੀਅਤ ਸਿੰਘ ਰਘਬੋਤਰਾ ਖੁਦ ਵੀ ਸਫਾਈ ਸੇਵਕਾਂ ਦੇ ਨਾਲ ਸਫਾਈ ਕਰਨ ਵਿਚ ਰੁੱਝੇ ਰਹੇ। ਉਹਨਾਂ ਦੱਸਿਆ ਕਿ ਰਾਸ਼ਨ ਦੀ ਵੰਡ ਪ੍ਰਿੰਸੀਪਲ ਨਵੀਨ ਢਿੱਲੋਂ, ਸੁਖਵਿੰਦਰ ਸਿੰਘ ਲੱਲ ਅਤੇ ਸ਼ਹਿਰ ਦੇ ਪ੍ਰਮੁੱਖ ਕਰਿਆਨਾ ਵਪਾਰੀਆਂ ਵਲੋਂ ਪ੍ਰਾਪਤ ਆਰਥਕ ਸਹਿਯੋਗ ਨਾਲ ਕੀਤੀ ਗਈ। ਰਾਸ਼ਨ ਵੰਡਣ ਦੀ ਸੇਵਾ ਭੈਣ ਕਾਂਤਾ, ਮੋਨੂੰ ਸ਼ਰਮਾ, ਰਵਿੰਦਰ ਕੁਮਾਰ, ਵਿਪਨ ਖੁਰਾਣਾ, ਵਿਨੋਦ ਮੜੀਆਂ, ਉਜਵਲ ਕੁਮਾਰ, ਰਮੇਸ਼ ਗੁਜਰਾਤੀ, ਸੁਰਿੰਦਰ ਪਾਲ, ਕੁਲਤਾਰ ਸਿੰਘ ਅਤੇ ਚਰਨਜੀਤ ਸਿੰਘ ਬਲਾਲੋਂ ਨੇ ਤਨਦੇਹੀ ਨਾਲ ਨਿਭਾਈ।