– ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਫਗਵਾੜਾ ਨੇ ਕੱਢਿਆ ਰੋਸ ਮਾਰਚ, ਮੋਦੀ ਸਰਕਾਰ ਅਤੇ ਸੋਮ ਪ੍ਰਕਾਸ਼ ਦਾ ਪੁਤਲਾ ਸਾੜਿਆ
ਫਗਵਾੜਾ (ਡਾ ਰਮਨ ) ਯੂ ਪੀ ਵਿਚ ਵਾਪਰੇ ਮਨੀਸ਼ਾ ਗੈਂਗ ਰੇਪ ਅਤੇ ਕਤਲ ਕਾਂਡ ਦੇ ਖ਼ਿਲਾਫ਼ ਦੇਸ਼ ਭਰ ਵਿਚ ਗ਼ੁੱਸਾ ਭੜਕਦਾ ਜਾ ਰਿਹਾ ਹੈ। ਲੋਕਾਂ ਵਿਚ ਦੋਸ਼ੀਆਂ ਦੇ ਨਾਲ ਨਾਲ ਯੂ ਪੀ ਸਰਕਾਰ ਦੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਵੀ ਗ਼ੁੱਸਾ ਹੈ ਕਿ ਉਨ੍ਹਾਂ ਮਾਮਲੇ ਨੂੰ ਦਬਾਉਣ ਲਈ ਅਤੇ ਦਲਿਤ ਬੇਟੀ ਨੂੰ ਇਨਸਾਫ਼ ਤੋ ਬਾਂਝੇ ਰੱਖਣ ਵਿਚ ਅਹਿਮ ਰੋਲ ਨਿਭਾਇਆ। ਇਸ ਦੇ ਖ਼ਿਲਾਫ਼ ਅੱਜ ਫਗਵਾੜਾ ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਜੋਗਾ,ਰਾਮ ਮੂਰਤੀ ਸਰਵਟਾ,ਰੌਸ਼ਨ ਲਾਲ ਸੇਠੀ, ਕੁਲਵੰਤ ਰਾਏ ਕਾਲੀ,ਜੋਗ ਰਾਜ ਹਦਿਆਬਾਦ ਦੀ ਸਾਂਝੀ ਪ੍ਰਧਾਨਗੀ ਹੇਠ ਰੋਸ ਮਾਰਚ ਕੱਢਿਆ ਗਿਆ ਅਤੇ ਬੇਟੀ ਮਨੀਸ਼ਾ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਯੋਗੀ ਸਰਕਾਰ ਨੂੰ ਬਰਖ਼ਾਸਤ ਕਰਨ ਅਤੇ ਮਾਮਲੇ ਨੂੰ ਦਬਾਉਣ ਅਤੇ ਗ਼ਲਤ ਕੰਮ ਕਰਨ ਵਾਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੰਜ ਪ੍ਰਧਾਨਾਂ ਨੇ ਇੱਕ ਸੁਰ ਵਿਚ ਕਿਹਾ ਕਿ ਯੋਗੀ ਸਰਕਾਰ ਦਲਿਤ ਬੇਟੀ ਨੂੰ ਇਨਸਾਫ਼ ਦੇਣ ਦੀ ਬਜਾਏ ਇਸ ਮਾਮਲੇ ਵਿਚ ਵਿਦੇਸ਼ੀ ਐਂਗਲ,ਦੰਗਾ ਭੜਕਾਉਣ ਅਤੇ ਫੰਡਿੰਗ ਦੀ ਗੱਲ ਕਰ ਕੇੇ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਛਿਪਾਉਣ ਤੇ ਲੱਗੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ੂਗਰ ਮਿਲ ਚੌਂਕ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਸਾੜਿਆ।
ਇਸ ਮੌਕੇ ਵਿਸ਼ੇਸ਼ ਰੂਪ ਵਿਚ ਪੁੱਜੇ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਦਲਿਤ ਬੇਟੀ ਨੂੰ ਇਨਸਾਫ਼ ਦੇਣ ਦੀ ਬਜਾਏ ਯੋਗੀ ਸਰਕਾਰ ਨੇ ਇਸ ਨੂੰ ਹੋਰ ਹੀ ਰੰਗਤ ਦੇ ਕੇ ਪੀੜਿਤ ਦੇ ਪਰਵਾਰ ਨੂੰ ਪ੍ਰਤਾੜਿਤ ਕਰਨ ਦਾ ਕੰਮ ਕੀਤਾ ਹੈ। ਜਿਸ ਨੂੰ ਕਿਸੇ ਕੀਮਤ ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਨੀਸ਼ਾ ਗੈਂਗ ਰੇਪ ਅਤੇ ਕਤਲ ਕਾਂਡ ਯੋਗੀ ਸਰਕਾਰ ਅਤੇ ਮੋਦੀ ਸਰਕਾਰ ਦੇ ਮੱਥੇ ਤੇ ਕਦੇ ਨਾ ਮਿਟਣ ਵਾਲਾ ਕਲੰਕ ਹੈ। ਇਸ ਵਿਚ ਦੋਸ਼ੀਆਂ ਨੂੰ ਬਚਾਉਣ ਲਈ ਅਤੇ ਮਾਮਲੇ ਵਿਚਲੇ ਸਬੂਤ ਮਿਟਾਉਣ ਲਈ ਯੋਗੀ ਸਰਕਾਰ ਦੇ ਇਸ਼ਾਰੇ ਦੇ ਕੰਮ ਕਰਨ ਵਾਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਜੋ ਅਣਮਨੁੱਖੀ ਕਾਰੇ ਕੀਤੇ,ਜਿਸ ਲਈ ਉਨ੍ਹਾਂ ਦੇ ਖ਼ਿਲਾਫ਼ ਭਦਸ ਦੀ ਧਾਰਾ 201 ਦੇ ਤਹਿਤ ਮਾਮਲਾ ਦਰਜ਼ ਕੀਤਾ ਜਾਣਾ ਚਾਹੀਦਾ ਹੈ। ਧਾਲੀਵਾਲ ਨੇ ਕਿਹਾ ਕਿ ਭਾਜਪਾ ਨਾਅਰਾ ਤਾਂ ਬੇਟੀ ਪੜਾਓ ਬੇਟੀ ਬਚਾੳ ਦਾ ਦੇ ਰਹੀ ਹੈ ਪਰ ਇਸ ਦੇ ਆਪਣੇ ਹੀ ਵਿਧਾਇਕ,ਕੇਂਦਰੀ ਮੰਤਰੀ ਅਤੇ ਪਰਦੇਸ ਪੱਧਰ ਦੇ ਨੇਤਾ ਬਲਾਤਕਾਰ ਦੇ ਮਾਮਲਿਆਂ ਵਿਚ ਉਲਝੇ ਹਨ। ਧਾਲੀਵਾਲ ਨੇ ਕਿਹਾ ਕਿ ਜੇ ਅਪਰਾਧ ਨੂੰ ਕਿਸੇ ਪੱਧਰ ਤੇ ਨਹੀਂ ਰੋਕਿਆ ਜਾ ਸਕਿਆ ਤਾਂ ਪੀੜੀਤਾਂ ਨੂੰ ਇਨਸਾਫ਼ ਦਿਵਾਉਣਾ ਦਾ ਸਰਕਾਰ ਦਾ ਕੰਮ ਹੈ,ਪਰ ਅਫ਼ਸੋਸ ਸਰਕਾਰ ਦੋਸ਼ੀਆਂ ਦੀ ਤਰਫ਼ਦਾਰੀ ਕਰਦੀ ਨਜ਼ਰ ਆ ਰਹੀ ਹੈ,ਜੋ ਬੇਹੱਦ ਘਟਿਆ ਅਤੇ ਸ਼ਰਮਨਾਕ ਵਰਤਾਰਾ ਹੈ। ਇਸ ਮੌਕੇ ਪਵਨ ਸੇਠੀ ਪ੍ਰਧਾਨ, ਰਾਸ਼ਟਰੀ ਵਾਲਮੀਕੀ ਸਭਾ,ਹਰਭਜਨ ਸੁਮਨ ਪ੍ਰਧਾਨ ਅੰਬੇਡਕਰ ਸੈਨਾ,ਵਿਕਰਮ ਵਘਾਨੀਆ,ਦੇਵ ਰਾਜ ਸੋਂਧੀ,ਸੁਰਿੰਦਰ ਸੋਂਧੀ,ਵਿਸ਼ਾਲ ਘਈ,ਰਾਕੇਸ਼ ਭੱਟੀ,ਅਸ਼ਵਨੀ ਸਲਹੋਤਰਾ,ਰਿੱਕੀ ਸੇਠੀ,ਰਵੀ ਸਰਵਟਾ,ਵਿਕਰਮ ਸੇਠੀ,ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ,ਕਾਂਗਰਸੀ ਨੇਤਾ ਅਵਿਨਾਸ਼ ਗੁਪਤਾ,ਗੁਰਦੀਪ ਦੀਪਾ,ਕੁਲਵਿੰਦਰ ਕੁਮਾਰ ਸਰਪੰਚ.ਵਿਜੈ ਬਸੰਤ ਨਗਰ,ਸੋਨੂੰ ਪਹਿਲਵਾਨ,ਬੌਬੀ ਨਾਹਰ,ਪੰਮ ਲਹੌਰੀਆ,ਜਗਜੀਤ ਬਿੱਟੂ,ਦਰਸ਼ਨ ਲਾਲ ਧਰਮਸੋਤ ਸਾਬਕਾ ਕੌਂਸਲਰ ਸਮੇਤ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ। ਰੋਸ ਮਾਰਚ ਨਿਗਮ ਦਫ਼ਤਰ ਤੋਂ ਸ਼ੁਰੂ ਹੋਕੇ ਬੰਗਾ ਰੋਡ-ਝਟਕਈਆਂ ਚੋਕ ਤੋਂ ਹੁੰਦਾ ਹੋਇਆ ਸਿਨਮਾ ਰੋਡ ਦੇ ਰਸਤੇ ਸਿਨਮਾ ਰੋਡ ਰਾਹੀ ਸ਼ੂਗਰ ਮਿਲ ਚੌਂਕ ਵਿਚ ਪੁੱਜਾ,ਜਿੱਥੇ ਮੋਦੀ ਸਰਕਾਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਮਨੀਸ਼ਾ ਲਈ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਨੀਸ਼ਾ ਨੂੰ ਇਨਸਾਫ਼ ਮਿਲ਼ਨ ਤਕ ਨਾ ਉਹ ਚੁੱਪ ਬੈਠਣਗੇ ਅਤੇ ਨਾਂ ਹੀ ਮੋਦੀ ,ਯੋਗੀ ਸਰਕਾਰ ਨੂੰ ਚੁੱਪ ਬੈਠਣ ਦੇਣਗੇ।