ਸ਼ਾਹਕੋਟ/ਮਲਸੀਆਂ, (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਵਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਜਿਸ ਸਮੇਂ ਦੇਸ਼ ਦੀ ਮਿਹਨਤਕਸ਼ ਜਨਤਾ ਕਰੋਨਾ ਦੀ ਮਹਾਮਾਰੀ ਵਿਰੁੱਧ ਜੱਦੋ ਜਹਿਦ ਕਰ ਰਹੀ ਹੈ ਉਸ ਸਮੇਂ ਵੰਨ ਸੁਵੰਨੀਆਂ ਸਰਕਾਰਾਂ ਵੱਲੋਂ ਬਿਪਤਾ ਮੂੰਹ ਘਿਰੇ ਮਿਹਨਤਕਸ਼ ਲੋਕਾਂ ਦੀ ਬਾਂਹ ਫੜਨ ਦੀ ਥਾਂ ਇਨ੍ਹਾਂ ਉੱਪਰ ਹੀ ਮੋੜਮੇਂ ਰੂਪ ਚ ਇਕ ਤਬਾਹ ਕੁਨ ਹੱਲਾ ਵਿੱਢ ਰੱਖਿਆ ਹੈ । ਇੰਡਸਟਰੀਅਲ ਡਿਸਪੀਉਟ ਅੈਕਟ 1948 ਮੁਤਾਬਕ ਕਾਮਿਆਂ ਨੂੰ ਯੂਨੀਅਨ ਬਣਾਉਣ ਦੇ ਮਿਲੇ ਅਧਿਕਾਰ ਨੂੰ ਖਤਮ ਕਰਨ, ਤਨਖਾਹ ਢਾਂਚੇ ਨੂੰ ਰੱਦ ਕਰਕੇ ਦੋ ਸੌ ਦੋ ਰੁਪਏ ਦਿਹਾੜੀ ਨਿਸ਼ਚਿਤ ਕਰਨ ਦੀਆਂ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਭਵਿੱਖ ਵਿੱਚ ਤਨਖਾਹ ਢਾਂਚੇ ਨੂੰ ਮਨਰੇਗਾ ਆਧਾਰ ਤੇ ਤਹਿ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪ੍ਰਧਾਨ ਮੰਤਰੀ ਦੇ ਹੁਕਮਾਂ ਅਨੁਸਾਰ ਇਸ ਆੜ ਚ ਕੰਮ ਦਿਹਾੜੀ ਦੇ ਘੰਟੇ ਅੱਠ ਤੋਂ ਵਧਾ ਕੇ ਬਾਰਾਂ ਘੰਟੇ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਮਹਿੰਗਾਈ ਭੱਤਾ ਜੋ ਪੰਜਾਬ ਸਰਕਾਰ ਸਾਲ 2015 ਤੋਂ ਜਬਰੀ ਰੋਕ ਕੇ ਬੈਠੀ ਸੀ ਕੇਂਦਰ ਸਰਕਾਰ ਨੇ ਇਸ ਵਿੱਚ ਜੂਨ 2021 ਤੱਕ ਵਾਧਾ ਕਰ ਦਿੱਤਾ ਹੈ । ਰਾਜ ਸਰਕਾਰ ਵੱਲੋਂ ਸਰਕਾਰੀ ਡਾਕਟਰਾਂ ਦੇ (ਐੱਨ.ਪੀ.ਏ)ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਬਾਇਲ ਭੱਤੇ ਚ 50 ਫੀਸਦੀ ਕਟੌਤੀ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਦੀ ਨਿਖੇਧੀ ਕਰਦੇ ਹੋਏ ਪੰਜਾਬ ਦੇ ਰੈਗੂਲਰ ਅਤੇ ਠੇਕਾ ਕਾਮਿਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਇਹ ਸਰਕਾਰ ਵੱਲੋਂ ਕਾਮਿਆਂ ਦੇ ਬੁਨਿਆਦੀ ਅਧਿਕਾਰਾਂ ਉੱਪਰ ਵਿੱਢਿਆ ਹੱਲਾ ਕੋਈ ਸੁਧਾਰਨ ਹੱਲਾ ਨਹੀਂ ਸਗੋਂ ਇਹ ਮਈ ਦੇ ਸਹੀਦਾਂ ਵਲੋਂ ਜਾਨ ਦੀਆਂ ਅਹੁਤੀਆਂ ਦੇ ਕੇ ਹਾਸਲ ਕੀਤੇ ਯੂਨੀਅਨਾਂ ਬਣਾਉਣ, ਕੰਮ ਦਿਹਾੜੀ ਨਿਸ਼ਚਿਤ ਕਰਨ ਅਤੇ ਉਜਰਤਾਂ ਤੈਅ ਕਰਨ ਦੇ ਕਾਮਾ ਪੱਖੀ ਨਿਯਮ ਆਦਿ ਬੁਨਿਆਦੀ ਅਧਿਕਾਰਾਂ ਉੱਪਰ ਹਮਲਾ ਹੈ। ਇਸ ਸਮੇਂ ਜਦੋਂ ਅਸੀਂ ਕੁਝ ਦਿਨਾਂ ਬਾਅਦ ਮਈ ਦਿਹਾੜਾ ਮਨਾਉਣ ਜਾ ਰਹੇ ਹਾਂ ਤਾਂ ਇਸ ਸਮੇਂ ਸਾਡੇ ਲਈ ਇਸ ਦੀ ਹੋਰ ਮਹੱਤਤਾ ਵਧ ਗਈ ਹੈ। ਕਿਉਂਕਿ ਹੁਣ ਸਾਡੇ ਸਾਹਮਣੇ ਬੁਨਿਆਦੀ ਅਧਿਕਾਰਾਂ ਨੂੰ ਸਾਡੇ ਮਹਾਨ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨਾਲ ਮਿਲੇ ਅਧਿਕਾਰਾਂ ਨੂੰ ਬਚਾਉਣ ਦੀ ਚੁਣੌਤੀ ਹੈ । ਇਸ ਲਈ ਸਮੂਹ ਠੇਕਾ ਕਾਮਿਆਂ ਨੂੰ ਜ਼ੋਰਦਾਰ ਅਪੀਲ ਹੈ ਕਿ ਉਹ ਮਈ ਦਿਵਸ ਮਨਾਉਣ ਦੀਆਂ ਤਿਆਰੀਆਂ ਕਰਕੇ ਇੱਕ ਮਈ ਨੂੰ ਅਗਲੇਰੇ ਲੰਬੇ ਵਿਸ਼ਾਲ ਅਤੇ ਤਿੱਖੇ ਸੰਘਰਸ਼ ਕਰਨ ਦਾ ਅਹਿਦ ਲੈਣ ।