• ਸਮੱਸਿਆ ਦਾ ਸਥਾਈ ਹੱਲ ਨਾ ਹੋਇਆ ਤਾਂ ਸੰਘਰਸ਼ ਦਾ ਰਾਹ ਅਖਤਿਆਰ ਕਰਾਂਗੇ-ਮੁਹੱਲਾ ਵਾਸੀ

ਫਗਵਾੜਾ,15 ਅਗਸਤ,(Punjab Bureau) ਨਗਰ ਨਿਗਮ ਫਗਵਾੜਾ ਅਧੀਨ ਆਉਂਦੇ ਮੁਹੱਲਾ ਭਗਤਪੁਰਾ ਵਾਰਡ ਨੰਬਰ 39 ਗਲੀ ਨੰ,1 ਏ ਦਾ ਹਾਲ ਸੀਵਰੇਜ ਦੀ ਗੰਭੀਰ ਸਮੱਸਿਆ ਕਾਰਨ ਬਦ ਤੋਂ ਬਦਤਰ ਹੋ ਚੁੱਕਾ ਹੈ ਇਲਾਕੇ ਦੇ ਵਸਨੀਕ ਸੰਨੀ, ਰੀਟਾ, ਮੱਧੂ, ਵਿਜੇ ਰਾਣੀ, ਤਮੰਨਾ, ਨਰੇਸ਼, ਕਮਲੇਸ਼ ਰਾਣੀ, ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀ ਇਹ ਸਮੱਸਿਆ ਪਿੱਛਲੇ 3 ਮਹੀਨੇ ਤੋਂ ਚੱਲੀ ਆ ਰਹੀ ਹੈ ਜਿਸ ਦਾ ਕਿਸੇ ਨੇ ਵੀ ਕੋਈ ਸਥਾਈ ਹੱਲ ਨਹੀਂ ਕੀਤਾ ਨਗਰ ਨਿਗਮ ਅਧਿਕਾਰੀਆਂ ਨੂੰ ਬਾਰ-ਬਾਰ ਕਹਿਣ ਤੇ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਗਲੀ ਦੇ ਸੀਵਰੇਜਾ ਦਾ ਪਾਣੀ ਓਵਰਫਲੋਅ ਹੋ ਕਿ ਬੈਕ ਮਾਰਨ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਹੈ ਤੇ ਜਿਸ ਨੂੰ ਘਰੋਂ ਵਿਚੋਂ ਬਾਹਰ ਕੱਢਣ ਲਈ ਘੰਟਿਆਂ ਬੱਧੀ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਨ ਲੋਕਾਂ ਦਾ ਆਪਣੇ ਹੀ ਘਰ ਵਿੱਚ ਰਹਿਣਾ ਮੁਹਾਲ ਹੋ ਗਿਆ ਹੈ ਬੇਸ਼ੱਕ ਭਾਵੇਂ ਹੀ ਨਗਰ ਨਿਗਮ ਅਤੇ ਸਿਹਤ ਵਿਭਾਗ ਵੱਲੋਂ ਜ਼ਹਿਰੀਲੇ ਮੱਛਰਾਂ ਨੂੰ ਮਾਰਨ ਲਈ ਸਪਰੇਅ ਆਦਿ ਕਰਨ ਦੇ ਨਾਲ-ਨਾਲ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਦੇਖਿਆ ਜਾਵੇ ਤਾਂ ਇਹ ਯਤਨ ਬਹੁਤ ਘੱਟ ਹਨ ਜੇਕਰ ਨਗਰ ਨਿਗਮ ਜਾਂ ਸਿਹਤ ਵਿਭਾਗ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਤੇ ਸੰਜੀਦਗੀ ਨਾਲ ਕਰੇ ਤਾਂ ਆਮ ਲੋਕ ਆਪਣੇ ਘਰਾਂ ਵਿੱਚ ਵਧੀਆ ਜਿੰਦਗੀ ਗੁਜਾਰ ਸਕਦੇ ਹਨ। ਅਖਬਾਰਾਂ ਵਿੱਚ ਕੁਝ ਖਬਰਾਂ ਪ੍ਰਕਾਸ਼ਿਤ ਹੋਣ ਨਾਲ ਸੈਨੀਟਰੀ ਵਿਭਾਗ, ਵਾਟਰ ਸਪਲਾਈ ਮਹਿਕਮੇ ਵੱਲੋਂ ਸ਼ਰਮ ਦੇ ਮਾਰਿਆ ਕੁਝ ਮਾਮੂਲੀ ਜਿਹਾ ਕੰਮ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ ਹੈ ਪਰ ਪੂਰਾ ਕੰਮ ਹਾਲੇ ਵੀ ਨਹੀ ਹੋਇਆ ਹੈ ਜਿਸ ਕਾਰਨ ਆਮ ਜਨਤਾ ਬਹੁਤ ਪ੍ਰੇਸ਼ਾਨ ਹੋ ਚੁੱਕੀ ਹੈ ਸਿਆਣਾ ਦਾ ਕਹਿਣਾ ਹੈ ਕਿ “”ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਫਿਰ ਵੀ ਉੱਥੇ ਦਾ ਉੱਥੇ,, ਵਾਲੀ ਕਹਾਵਤ ਉਕਤ ਵਿਭਾਗਾਂ ਦੇ ਅਧਿਕਾਰੀ ਸੱਚੀ ਕਰਦੇ ਦਿਖਾਈ ਦੇ ਰਹੇ ਹਨ। ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਟੈਂਕਰ ਲਿਆ ਕਿ ਗਲੀ ਵਿੱਚ ਛੱਪੜ ਰੂਪੀ ਖੜ੍ਹੇ ਗੰਦੇ ਪਾਣੀ ਨੂੰ ਕੁਝ ਸਮੇਂ ਲਈ ਗਲੀ ਚੋਂ ਬਾਹਰ ਕੱਢ ਦਿੱਤਾ ਪਰ ਮੁਲਾਜ਼ਮਾਂ ਦੇ ਜਾਣ ਤੋਂ ਬਾਅਦ ਗੰਦਾ ਪਾਣੀ ਉਸੇ ਤਰ੍ਹਾਂ ਹੀ ਫਿਰ ਗਲੀ ਵਿੱਚ ਛੱਪੜ ਵਾਂਗ ਖੜ੍ਹਾ ਹੋ ਗਿਆ ਇਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੁਲਾਜ਼ਮਾਂ ਨੇ ਗੰਦਾ ਪਾਣੀ ਕੱਢਿਆ ਹੀ ਨਾ ਹੋਵੇ। ਮੁਹੱਲਾ ਵਾਸੀਆਂ ਨੇ ਨਗਰ ਨਿਗਮ ਫਗਵਾੜਾ ਦੇ ਮੇਅਰ ਅਤੇ ਕਮਿਸ਼ਨਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੇ ਘਰਾਂ ਅੱਗੋਂ ਇਹ ਗੰਦਾ ਪਾਣੀ ਦੂਰ ਨਾ ਕੀਤਾ ਗਿਆ ਤਾਂ ਅਸੀ ਨਗਰ ਨਿਗਮ ਫਗਵਾੜਾ ਦੇ ਮੇਅਰ ਅਤੇ ਕਮਿਸ਼ਨਰ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਾਂਗੇ ਜਿਸ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ। ਮੁਹੱਲ ਵਾਸੀਆਂ ਨੇ ਮੰਗ ਕੀਤੀ ਕਿ ਸਾਡੇ ਮੁਹੱਲੇ ਵਿੱਚ ਪਈ ਸੀਵਰ ਲਾਈਨ ਨੂੰ ਜਲਦੀ ਤੋਂ ਜਲਦੀ ਸਾਫ ਕਰਵਾ ਇਸ ਗੰਭੀਰ ਸਮੱਸਿਆ ਦਾ ਸਥਾਈ ਤੌਰ ਤੇ ਹੱਲ ਕੀਤਾ ਜਾਵੇ।