ਫਗਵਾੜਾ, (ਡਾ ਰਮਨ/ਅਜੇ ਕੋਛੜ)
ਵਿਧਾਇਕ ਫਗਵਾੜਾ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਾਸੀਆਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਉਨਾਂ ਨੂੰ ਬੁਖਾਰ, ਜ਼ੁਕਾਮ ਜਾਂ ਖਾਂਸੀ ਆਦਿ ਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਇਸ ਨੂੰ ਲੁਕਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਕੇ ਫੌਰਨ ਆਪਣਾ ਚੈਕਅੱਪ ਕਰਵਾਉਣ ਅਤੇ ਉਨਾਂ ਵੱਲੋਂ ਦਿੱਤੀ ਸਲਾਹ ’ਤੇ ਅਮਲ ਕਰਨ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਤਾਂ ਇਸ ਦਾ ਮਤਲੁਬ ਇਹ ਨਹੀਂ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਹੈ। ਪਰੰਤੂ ਡਾਕਟਰ ਕੋਲੋਂ ਜਾਂਚ ਕਰਵਾਉਣਾ ਸਾਡਾ ਫਰਜ਼ ਬਣਦਾ ਹੈ, ਵਿਸ਼ੇਸ਼ ਤੌਰ ’ਤੇ ਉਦੋਂ ਜਦੋਂ ਅਸੀਂ ਕਿਸੇ ਵਿਦੇਸ਼ੋਂ ਆਏ ਵਿਅਕਤੀ ਜਾਂ ਰਿਸ਼ਤੇਦਾਰ ਦੇ ਸੰਪਰਕ ਵਿਚ ਰਹੇ ਹੋਈਏ। ਸ. ਧਾਲੀਵਾਲ ਨੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਹੁਣ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਘੜੀ ਵਿਚ ਡਾਕਟਰਾਂ ਦਾ ਸਹਿਯੋਗ ਕਰਨ ਅਤੇ ਉਨਾਂ ਦੀ ਸਲਾਹ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਉਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਮ ਜਨਤਾ ਦੀ ਸਰਗਰਮ ਭਾਗੀਦਾਰੀ ਨਾਲ ਜਲਦ ਹੀ ਹਾਲਾਤ ਕਾਬੂ ਹੇਠ ਹੋਣਗੇ। ਉਨਾਂ ਇਸ ਨਾਜ਼ੁਕ ਘੜੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਥਿਤੀ ’ਤੇ ਕਾਬੂ ਪਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।