ਫਗਵਾੜਾ ( ਡਾ ਰਮਨ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦਾ ਗਠਨ ਕਰਦੇ ਹੋਏ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਲਗਾਤਾਰ ਤੀਸਰੀ ਬਾਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਥਾਪੇ ਜਾਣ ਤੇ ਸ਼ੋਮਣੀ ਯੂਥ ਅਕਾਲੀ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ ਅਤੇ ਬੀਬੀ ਜੀ ਦੀ ਰਾਜਸੀ ਖੇਤਰ ਵਿਚ ਗਹਿਰੀ ਪੈਂਠ ਅਤੇ ਸੂਝ ਬੂਝ ਦਾ ਅਕਾਲੀ ਦਲ ਨੂੰ ਭਾਰੀ ਲਾਭ ਮਿਲੇਗਾ। ਉਨਾਂ ਕਿਹਾ ਕਿ ਬੀਬੀ ਜੀ ਇਸਤਰੀ ਵਿੰਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਅਕਾਲੀ ਦਲ ਦਾ ਪਰਚਮ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਖੁਰਾਣਾ ਨੇ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਇੰਚਾਰਜ ਸ.ਬਿਕਰਮ ਸਿੰਘ ਮਜੀਠੀਆ ਜੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਬੰਟੀ ਰੋਮਾਣਾ ਦੇ ਪ੍ਰਧਾਨ ਬਣਨ ਨਾਲ ਯੂਥ ਅਕਾਲੀ ਦਲ ਜੋ ਅਕਾਲੀ ਦਲ ਦੀ ਰੀੜ ਦੀ ਹੱਡੀ ਹੈ, ਨੂੰ 2022 ਦੀ ਚੋਣਾਂ ਦੀ ਤਿਆਰੀ ਲਈ ਐਕਟਿਵ ਕਰਨ ਵਿਚ ਸਹਾਈ ਹੋਣਗੇ। ਖੁਰਾਣਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਯੂਥ ਪ੍ਰਧਾਨ ਬੰਟੀ ਰੋਮਾਣਾ ਜੀ ਜੋ ਵੀ ਪ੍ਰੋਗਰਾਮ ਯੂਥ ਅਕਾਲੀ ਦਲ ਨੂੰ ਦੇਣਗੇ,ਉਸ ਵਿਚ ਕਪੂਰਥਲਾ ਯੂਥ ਅਕਾਲੀ ਦਲ ਵਧ ਚੜ ਕੇ ਹਿੱਸਾ ਲਵੇਗਾ।