(ਲੁਧਿਆਣਾ)

ਪੰਜਾਬ ਦੇ ਵਿੱਚ ਕਰਫਿਊ ਦੇ ਕਾਰਨ ਜਿੱਥੇ ਹੋਟਲ ਰੈਸਟੋਰੈਂਟ ਆਦਿ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਉਥੇ ਹੀ ਪੰਜਾਬ ਸਰਕਾਰ ਨੇ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੁਣ ਬਾਹਰੋਂ ਆਉਣ ਵਾਲੇ ਕਾਰੋਬਾਰੀ ਵਿਦਿਆਰਥੀਆਂ ਅਤੇ ਐਨ.ਆਰ.ਆਈਜ਼ ਨੂੰ ਹੋਟਲਾਂ ਦੇ ਵਿੱਚ ਇਕਾਂਤਵਾਸ ‘ਚ ਰੱਖਣ ਦਾ ਫੈਸਲਾ ਲਿਆ ਹੈ ਅਤੇ ਇਨ੍ਹਾਂ 14 ਦਿਨਾਂ ਦਾ ਖਰਚਾ ਉਹ ਖ਼ੁਦ ਆਪਣੇ ਕੋਲੋਂ ਕਰਨਗੇ। ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ‘ਚ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੋਟਲਾਂ ਦੀ ਚੋਣ ਕੀਤੀ ਗਈ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 22 ਹੋਟਲਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ 800 ਕਮਰਿਆਂ ਦੇ ਵਿੱਚ ਲੋਕਾਂ ਨੂੰ ਇਕਾਂਤਵਾਸ ਵਾਸਤੇ ਰੱਖਿਆ ਜਾ ਸਕਦਾ ਹੈ।

ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਹਰ ਜ਼ਿਲ੍ਹੇ ‘ਚ ਵਿਦਿਆਰਥੀਆਂ ਅਤੇ ਐਨਆਰਆਈਜ਼ ਨੂੰ ਇਕਾਂਤਵਾਸ ‘ਚ ਰੱਖਣ ਲਈ ਹੋਟਲਾਂ ਦੀ ਚੋਣ ਕੀਤੀ ਗਈ ਹੈ ਅਤੇ ਲੁਧਿਆਣਾ ਵਿੱਚ 800 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂਕਿ ਪੰਜਾਬ ਦੇ ਬਾਕੀ ਜ਼ਿਲਿਆਂ ਵਿੱਚ ਵੀਂ 150-200 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੂਮ ਸਰਵਿਸ ਕਮਰਿਆਂ ਤੱਕ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਸਿਰਫ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ। ਹੋਟਲ ਸਟਾਫ ਵੀ ਇਨ੍ਹਾਂ ਦੇ ਸੰਪਰਕ ‘ਚ ਆਉਣ ਤੋਂ ਸੁਚੇਤ ਰਹਿਣਗੇ ਅਤੇ ਕੰਮ ਵੀ ਹੋਟਲ ਦੇ ਵਿੱਚ ਪੂਰੀ ਸੈਂਸੀਟਾਈਜ਼ੇਸ਼ਨ ਤਰੀਕੇ ਨਾਲ ਹੀ ਕੀਤਾ ਜਾਵੇਗਾ।