ਫਗਵਾੜਾ ( ਡਾ ਰਮਨ ) ਰੈਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਕਰਕੇ ਦੁਨੀਆ ਭਰ ਵਿਚ ਮਨਾਏ ਜਾਣ ਵਾਲੇ ਵਰਲਡ ਰੈਡ ਕ੍ਰਾਸ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਬਲੱਡ ਬੈਂਕ ਦੇ ਚੇਅਰਮੈਨ ਸ੍ਰੀ ਕੁਲਦੀਪ ਸਰਦਾਨਾ ਦੀ ਰਹਿਨੁਮਾਈ ਹੇਠ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਸੁਚੱਜੀ ਦੇਖਰੇਖ ਹੇਠ 101 ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਰੈਡ ਕ੍ਰਾਸ ਦਿਵਸ ਮੌਕੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਆਫਤ ਦੀ ਵਜ੍ਹਾ ਨਾਲ ਕੈਂਪ ਲਗਾਉਣਾ ਸੰਭਵ ਨਹੀਂ ਸੀ ਇਸ ਲਈ ਲਾਕਡਾਉਨ ਕਰਫਿਊ ਨਾਲ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਫੈਸਲਾ ਲਿਆ ਗਿਆ। ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਾਸ਼ਨ ਨੂੰ ਰਿਕਸ਼ਾ ਵਿਚ ਲੱਦ ਕੇ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਨੇ ਰਵਾਨਾ ਕੀਤਾ ਅਤੇ ਮਨੂੰ ਸ਼ਰਮਾ ਤੇ ਕੁਲਤਾਰ ਸਿੰਘ ਅਧਾਰਿਤ ਟੀਮ ਨੇ ਇਹ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਪਹੁੰਚਾਇਆ। ਇਸ ਮੌਕੇ ਰੈਡ ਕ੍ਰਾਸ ਵਾਲੰਟੀਅਰਾਂ ਲਈ ਤਾੜੀਆਂ ਮਾਰਨ ਦੀ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਯੋਧਿਆਂ ਅਤੇ ਆਫਤ ਦੇ ਸਮੇਂ ਵਿਚ ਲੰਗਰ ਆਦਿ ਨਾਲ ਲੋਕਾਂ ਦੀ ਸੇਵਾ ਕਰ ਰਹੀਆਂ ਸਮਾਜ ਸੇਵੀ ਜੱਥੇਬੰਦੀਆਂ ਦੇ ਸਨਮਾਨ ਵਿਚ ਤਾੜੀਆਂ ਮਾਰੀਆਂ ਗਈਆਂ।