ਚੰਡੀਗੜ੍ਹ, 20 ਅਪ੍ਰੈਲ, 2020 : ਚੰਡੀਗੜ੍ਹ ਪੁਲਿਸ਼ ਵੱਲੋਂ ਪੰਜਾਬ ਦੇ ਸੀਨੀਅਰ ਪੱਤਰਕਾਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਦੀ ਪੜਤਾਲ ਦੇ ਹੁਕਮਾਂ ਮਗਰੋਂ ਹੁਣ ਚੰਡੀਗੜ੍ਹ ਪੁਲਿਸ ਨੇ ਮੀਡੀਆ ਕਰਮੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ।
ਐਸ ਐਸ ਪੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਵਿਚ ਕਿਹਾ ਗਿਆ ਕਿ ਮੀਡੀਆ ਪਰਸਨ ਭਾਵੇਂ ਉਹ ਕਿਸੇ ਵੀ ਪ੍ਰਿੰਟ ਮੀਡੀਆ ਦਾ ਹੋਵੇ ਜਾਂ ਫਿਰ ਇਲੈਕਟ੍ਰਾਨਿਕ ਮੀਡੀਆ ਦਾ, ਨੂੰ ਚੰਡੀਗੜ੍ਹ ਸ਼ਹਿਰ ਵਿਚ ਘੁੰਮਣ ਦੀ ਛੋਟ ਹੈ। ਉਹਨਾਂ ਦੇ ਸ਼ਨਾਖਤੀ ਕਾਰਡ ਹੀ ਪਾਸ ਹੋਣਗੇ।

ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਟੇਸ਼ਨ ਚੰਡੀਗੜ੍ਹ ਨਹੀਂ ਛੱਡਣਗੇ ਭਾਵੇਂ ਉਹ ਆਫ ਡਿਊਟੀ ਹੋਣ ਜਾਂ ਰੈਸਟ ‘ਤੇ ਹੋਣ ਅਤੇ ਆਪਣੇ ਮੋਬਾਈਲ ‘ਤੇ ਹਮੇਸ਼ਾ ਉਪਲਬਧ ਰਹਿਣੇ ਤੇ ਕਾਲ ਕਰਨ ‘ਤੇ ਆਪਣੇ ਡਿਊਟੀ ਪੁਆਇੰਟ ਜਾਂ ਫਿਰ ਆਪਣੀ ਯੂਨਿਟ ਵਿਚ ਰਿਪੋਰਟ ਕਰਨਗੇ। ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਇਸਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਸਸਪੈਂਡ ਕੀਤਾ ਜਾਵੇਗਾ।
ਇਹਨਾਂ ਹੁਕਮਾਂ ਬਾਰੇ ਸਾਰੇ ਯੂਨਿਟ ਇੰਚਾਰਜਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਐਸ ਐਸ ਪੀ ਦੇ ਰੀਡਰ ਨੂੰ ਲਿਖਤੀ ਸਰਟੀਫਿਕੇਟ ਦੇਣਗੇ ਕਿ ਉਹਨਾਂ ਨੇ ਆਪਣੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ।