ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ) ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਬਤੌਰ ਸੰਸਦ ਮੈਂਬਰ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਉਨ੍ਹਾਂ ਉੱਪਰ ਭਰੋਸਾ ਜਤਾਇਆ। ਤਿਵਾੜੀ ਨੇ ਕਿਹਾ ਕਿ ਹਲਕੇ ਚ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਹਾਲਾਂਕਿ ਕੇਂਦਰ ਚ ਵਿਰੋਧੀ ਪਾਰਟੀ ਦੀ ਸਰਕਾਰ ਹੈ, ਪਰ ਉਹ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਤਿਵਾੜੀ ਨੇ ਕਿਹਾ ਕਿ ਬੀਤੇ ਇਕ ਸਾਲ ਦੌਰਾਨ ਉਨ੍ਹਾਂ ਜਿੱਥੇ ਹਲਕੇ ਚ ਖੇਤੀਬਾੜੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਲਾਚੌਰ ਚ ਬੱਲੋਵਾਲ ਸੌਂਕੜੀ ਸਥਿਤ ਰਿਸਰਚ ਸਟੇਸ਼ਨ ਚ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਸ਼ੁਰੂ ਕਰਨ ਨੂੰ ਮਨਜ਼ੂਰੀ ਦਿਵਾਈ ਹੈ। ਉਥੇ ਹੀ, ਬੰਗਾ ਤੋਂ ਸ਼੍ਰੀ ਨੈਣਾ ਦੇਵੀ ਤੱਕ ਸੜਕ ਨਿਰਮਾਣ ਦਾ ਕੰਮ ਪਾਈਪ ਲਾਈਨ ਚ ਹੈ। ਕੰਢੀ ਖੇਤਰ ਦੇ ਵਿਕਾਸ ਵਾਸਤੇ ਕੰਢੀ ਏਰੀਆ ਡਿਵੈਲਪਮੈਂਟ ਬੋਰਡ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ, ਨਵਾਂਸ਼ਹਿਰ ਚ ਪਾਸਪੋਰਟ ਕੇਂਦਰ ਖੋਲ੍ਹਣ ਲਈ ਉਨ੍ਹਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਸੀ, ਪਰ ਕੇਂਦਰ ਸਰਕਾਰ ਵਿਰੋਧੀ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨੂੰ ਘੱਟ ਤਵੱਜੋ ਦਿੰਦੀ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਹਲਕੇ ਦੇ ਵਿਕਾਸ ਲਈ ਫ਼ੰਡਾਂ ਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਐਮ.ਪੀ ਕੋਟੇ ਚੋਂ ਵੀ ਹਲਕੇ ਦੇ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲ ਚ ਕੋਰੋਨਾ ਮਹਾਂਮਾਰੀ ਨਾਲ ਲੜਨ ਨੂੰ ਹਲਕੇ ਲਈ ਇੱਕ ਕਰੋੜ ਰੁਪਏ ਦੀ ਗ੍ਰਾਂਟ ਵੀ ਇਸ ਸ਼ਾਮਿਲ ਹੈ। ਤਿਵਾੜੀ ਨੇ ਖੁਲਾਸਾ ਕੀਤਾ ਕਿ ਪਿਛਲੇ ਇਕ ਸਾਲ ਚ ਉਹ ਸੰਸਦ ਦੇ ਹਰ ਸੈਸ਼ਨ ਚ ਸ਼ਾਮਿਲ ਹੋਏ ਹਨ। ਕੋਰੋਨਾ ਮਹਾਂਮਾਰੀ ਦੇ ਕੁਝ ਮਹੀਨਿਆਂ ਨੂੰ ਛੱਡ ਕੇ ਉਹ ਬਾਕੀ ਸਾਲ ਹਲਕੇ ਦੇ ਲੋਕਾਂ ਵਿੱਚ ਰਹੇ ਹਨ ਅਤੇ ਅੱਗੇ ਵੀ ਰਹਿਣਗੇ।