* ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ
ਫਗਵਾੜਾ ( ਡਾ ਰਮਨ ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਕੋਵਿਡ -9 ਕੋਰੋਨਾ ਵਾਇਰਸ ਦੇ ਵਿਰੁੱਧ ਫਰੰਟ ਲਾਈਨ ਤੇ ਲੜਾਈ ਲੜਦੇ ਹੋਏ ਪੰਜਾਬ ਦੀ ਧਰਤੀ ਨੂੰ ਕੋਰੋਨਾ ਮੁਕਤ ਬਨਾਉਣ ਵਿਚ ਮੁੱਖ ਭੂਮਿਕਾ ਨਿਭਾ ਰਹੇ ਸਫਾਈ ਸੇਵਕਾਂ ਨੂੰ ਪੀ.ਪੀ.ਈ. ਕਿਟ (ਪਰਸਨਲ ਪ੍ਰੋਟੈਕਟਿਵ ਇਕੁਈਪਮੈਂਟ ਕਿਟ) ਉਪਲੱਬ ਕਰਵਾਉਣ ਦੀ ਪੁਰਜੋਰ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਮਾਨ ਨੇ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਹਜਾਰਾਂ ਸਫਾਈ ਕਰਮਚਾਰੀ ਹਰ ਗਲੀ-ਹਰ ਨੁੱਕੜ ਨੂੰ ਵਾਇਰਸ ਮੁਕਤ ਬਨਾਉਣ ਵਿਚ ਵਢਮੁੱਲਾ ਯੋਗਦਾਨ ਪਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਾਲਾਂਕਿ ਉਹਨਾਂ ਨੂੰ ਆਤਮ ਸੁਰੱਖਿਆ ਲਈ ਮਾਸਕ ਅਤੇ ਦਸਤਾਨੇ ਪ੍ਰਦਾਨ ਕੀਤੇ ਹਨ ਪਰ ਕਿਉਂਕਿ ਉਹ ਬਹੁਤ ਸੰਕ੍ਰਮਣ ਵਾਲੇ ਇਲਾਕਿਆਂ ਵਿਚ ਵੀ ਸੇਵਾ ਨਿਭਾ ਰਹੇ ਹਨ ਇਸ ਲਈ ਉਨ•ਾਂ ਦੀ ਸੁਰੱਖਿਆ ਯਕੀਨੀ ਬਨਾਉਣ ਹਿਤ ਪੀਪੀਈ ਕਿੱਟਾਂ ਜ਼ਰੂਰ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬੇਸ਼ਕ ਸਮਾਜ ਸਫਾਈ ਕਾਮਿ•ਆਂ ਦੀ ਸੇਵਾ ਦਾ ਕੋਈ ਮੁੱਲ ਨਹੀਂ ਦੇ ਸਕਦਾ ਪਰ ਪੀ.ਪੀ.ਈ. ਕਿੱਟਾਂ ਨਾਲ ਉਹਨਾਂ ਦੀ ਜਿੰਦਗੀ ਨੂੰ ਵਾਇਰਸ ਸੰਕ੍ਰਮਣ ਤੋਂ ਸੁਰੱਖਿਅਤ ਜਰੂਰ ਕੀਤਾ ਜਾ ਸਕਦਾ ਹੈ। ਉਹਨਾਂ ਭਰੋਸਾ ਜਤਾਇਆ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੁਝਾਅ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਸਬੰਧਤ ਵਿਭਾਗ ਨੂੰ ਯੋਗ ਨਿਰਦੇਸ਼ ਦੇਣਗੇ।