* ਜਰੂਰਤਮੰਦ ਹੈਲਪ ਲਾਈਨ ਨੰਬਰ ‘ਤੇ ਕਰਨ ਸੰਪਰਕ
ਫਗਵਾੜਾ( ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਸੂਬੇ ਭਰ ਵਿਚ ਚਲਾਈ ਜਾ ਰਹੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਕੋਵਿਡ-19 ਫਤਿਹ ਕਿੱਟਾਂ ਅਤੇ ਰਾਸ਼ਨ ਦੀਆਂ ਕਿੱਟਾਂ ਪ੍ਰਸ਼ਾਸਨ ਵਲੋਂ ਜਾਰੀ ਵਿਸ਼ੇਸ਼ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਘਰ-ਘਰ ਜਾ ਕੇ ਵੰਡੀਆਂ ਗਈਆਂ। ਵਧੇਰੇ ਜਾਣਕਾਰੀ ਦਿੰਦਿਆਂ ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਕਪੂਰਥਲਾ ਲਈ ਗਠਿਤ ਕੰਟ੍ਰੋਲ ਰੂਮ ਕਮੇਟੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਫਤਿਹ ਕਿੱਟ ਵਿਚ ਆਕਸੀ ਮੀਟਰ, ਥਰਮਾ ਮੀਟਰ, ਮਾਸਕ, ਸੈਨੀਟਾਈਜਰ ਅਤੇ ਦਸਤਾਨੇ ਆਦਿ ਹਨ ਜਦਕਿ ਰਾਸ਼ਨ ਕਿੱਟ ਵਿਚ ਰਸੋਈ ਦਾ ਰੋਜਾਨਾ ਵਰਤੋਂ ਵਾਲਾ ਸਮਾਨ ਹੈ। ਉਹਨਾਂ ਦੱਸਿਆ ਕਿ ਇਹ ਸੇਵਾ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਮਰੀਜਾਂ ਦੇ ਪਰਿਵਾਰਾਂ ਵਲੋਂ ਕੰਟ੍ਰੋਲ ਰੂਮ ਹੈਲਪ ਲਾਈਨ ਨੰਬਰ ਉਪਰ ਫੋਨ ਕਰਨ ਤੋਂ ਬਾਅਦ ਘਰ-ਘਰ ਜਾ ਕੇ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਚ ਕੋਰੋਨਾ ਪ੍ਰਭਾਵਿਤ ਕੋਈ ਵੀ ਲੋੜਵੰਦ ਮਰੀਜ ਜਾਂ ਉਸਦਾ ਪਰਿਵਾਰ ਸਹਾਇਤਾ ਲਈ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਫੋਨ ਕਰਕੇ ਸੰਪਰਕ ਕਰ ਸਕਦਾ ਹੈ। ਲੋੜਵੰਦਾਂ ਨੂੰ ਆਕਸੀਜਨ ਅਤੇ ਐਂਬੁਲੈਂਸ ਦੀ ਸੇਵਾ ਦਾ ਪ੍ਰਬੰਧ ਵੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਟੀਚਾ ਇਸ ਮੁਸ਼ਕਲ ਘੜੀ ਵਿਚ ਹਰ ਲੋੜਵੰਦ ਮਰੀਜ ਨੂੰ ਲੋਡੀਂਦੀ ਸਹਾਇਤਾ ਪਹੁੰਚਾਉਣ ਦਾ ਹੈ ਜਿਸ ਨੂੰ ਕਾਂਗਰਸੀ ਵਰਕਰਾਂ ਵਲੋਂ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਵਰੁਣ ਬੰਗੜ, ਮਨਜੋਤ ਸਿੰਘ ਤੇ ਨਵੀਨ ਬੰਗੜ ਵੀ ਸੇਵਾ ਭਾਵਨਾ ਨਾਲ ਯੋਗਦਾਨ ਪਾਇਆ।