ਫਗਵਾੜਾ ( ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਜ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜੋ ਰਾਸ਼ਨ ਦੇ ਪੰਦਰਾਂ ਹਜ਼ਾਰ ਪੈਕੇਟ ਭੇਜੇ ਗਏ ਸਨ ਉਨ੍ਹਾਂ ਵਿਚੋਂ ਜ਼ਿਆਦਾਤਰ ਫਗਵਾੜਾ ਵਿਧਾਨ ਸਭਾ ਹਲਕੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲੋੜਵੰਦਾਂ ਨੂੰ ਵੰਡੇ ਗਏ ਹਨ। ਬਾਕੀ ਰਹਿੰਦੇ ਪੈਕੇਟਾਂ ਦੀ ਵੰਡ ਦਾ ਕੰਮ ਜਾਰੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 9 ਮਾਰਚ ਨੂੰ ਸਾਰੇ ਬੈਂਕ ਖਾਤਿਆਂ ਵਿੱਚ ਰਾਜ ਦੇ ਸਾਰੇ ਪੈਨਸ਼ਨ ਲਾਭਪਾਤਰੀਆਂ ਨੂੰ ਮਾਰਚ ਮਹੀਨੇ ਦੀ ਪੈਨਸ਼ਨ ਦੀ ਰਕਮ ਦਾ ਭੁਗਤਾਨ ਕਰ ਦਿੱਤਾ ਹੈ। ਫਗਵਾੜਾ ਹਲਕੇ ਵਿਚ ਕੁੱਲ 18 ਹਜ਼ਾਰ 236 ਪੈਨਸ਼ਨ ਲਾਭਪਾਤਰੀ ਹਨ, ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨ ਦੇ 12 ਹਜ਼ਾਰ 130, ਵਿਧਵਾ ਅਤੇ ਬੇਸਹਾਰਾ ਵਰਗ ਦੇ 4141, ਆਸ਼ਰਿਤ ਬੱਚਿਆਂ ਦੇ 779 ਅਤੇ ਅੰਗਹੀਣ ਸ਼੍ਰੇਣੀ ਦੇ 1186 ਲਾਭਪਾਤਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੋਵਿਡ -19 ਨਾਵਲ ਕੋਰੋਨਾ ਵਾਇਰਸ ਤਬਾਹੀ ਵਿੱਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਵਰਗ ਦੇ ਹਿੱਤਾਂ ਦੀ ਸੰਭਾਲ ਕਰ ਰਹੀ ਹੈ। ਗਰੀਬ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਹਰ ਰੋਜ਼ ਘਰਾਂ ਵਿਚ ਲੋੜ ਅਨੁਸਾਰ ਭੋਜਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿੱਚ ਸਰੀਰਕ ਦੂਰੀ ਬਣਾ ਕੇ ਅਤੇ ਮੂੰਹ ਢੱਕ ਕੇ ਰੱਖਣਾ ਬੇਹਦ ਜਰੂਰੀ ਹੈ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਲੋਕ ਇਸ ਲਿਹਾਜ ਨਾਲ ਖੁਸ਼ਕਿਸਮਤ ਹਨ ਕਿ ਸਿਰਫ ਇੱਕ ਹੀ ਕੇਸ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ ਲੇਕਿਨ ਇੱਕ ਛੋਟੀ ਜਿਹੀ ਗਲਤੀ ਵੀ ਭਾਰੀ ਹੋ ਸਕਦੀ ਹੈ, ਇਸ ਲਈ ਫਗਵਾੜਾ ਦੇ ਵਸਨੀਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੇ ਹਰ ਸਰਕਾਰੀ ਨਿਰਦੇਸ਼ ਨੂੰ ਗੰਭੀਰਤਾ ਨਾਲ ਮੰਨਿਆ ਜਾਵੇ।