ਫਗਵਾੜਾ(ਡਾ ਰਮਨ /ਅਜੇ ਕੋਛੜ)

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਏ.ਡੀ.ਸੀ. ਫਗਵਾੜਾ ਗੁਰਮੀਤ ਸਿੰਘ ਮੁਲਤਾਨੀ ਦੇ ਦਫਤਰ ‘ਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਫਗਵਾੜਾ ਵਿਚ ਜਾਰੀ ਸੈਨੀਟਾਈਜੇਸ਼ਨ ਦੇ ਕੰਮ ਬਾਰੇ ਜਾਣਕਾਰੀ ਲਈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਫਗਵਾੜਾ ਨੂੰ ਸੈਨੀਟਾਈਜ ਕਰਨ ਦਾ ਕੰਮ ਮੁਕੱਮਲ ਕਰ ਲਿਆ ਗਿਆ ਹੈ। ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਸਾਰੇ ਰਿਹਾਇਸ਼ੀ ਇਲਾਕਿਆਂ, ਮੁਹੱਲਿਆਂ ਅਤੇ ਕਲੋਨੀਆਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ ਕੀਤਾ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਫਗਵਾੜਾ ਸਮੇਤ ਪੂਰੇ ਜ਼ਿਲ੍ਹਾ ਕਪੂਰਥਲਾ ਵਿਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰੀ ਹੁਕਮਾ ਤੱਕ ਪੂਰੀ ਸਤਰਕਤਾ ਵਰਤੀ ਜਾਵੇਗੀ। ਸ਼ਹਿਰ ਅਤੇ ਪਿੰਡਾਂ ਨੂੰ ਸੈਨੀਟਾਈਜ ਕਰਨ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ ਫਿਰ ਵੀ ਜੇਕਰ ਕੋਈ ਮੁਹੱਲਾ ਇਸ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉੱਥੋਂ ਦੇ ਵਸਨੀਕ ਖੁਦ ਉਨ੍ਹਾਂ ਨਾਲ ਜਾਂ ਕਾਰਪੋਰੇਸ਼ਨ ਕਮੀਸ਼ਨਰ ਗੁਰਮੀਤ ਸਿੰਘ ਮੁਲਤਾਨੀ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਗੰਭੀਰਤਾ ਰੱਖਣ ਅਤੇ ਲਾਕ ਡਾਊਨ ਦੇ ਹੁਕਮਾ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ 14 ਅਪ੍ਰੈਲ ਤੱਕ ਅਸੀਂ ਇਸੇ ਤਰ੍ਹਾਂ ਸੰਯਮ ਰੱਖਾਂਗੇ ਤਾਂ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਸ਼ਿਕਸਤ ਦੇਣ ਵਿਚ ਜਰੂਰ ਸਫਲਤਾ ਮਿਲੇਗੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕੌਂਸਲਰ ਦਰਸ਼ਨ ਲਾਲ ਧਰਮਸੋਤ, ਸੰਜੀਵ ਗੁਪਤਾ ਆਦਿ ਹਾਜਰ ਸਨ।