ਕਮਿਸ਼ਨਰ ਵਲੋਂ ਨਾਗਰਿਕਾਂ ਨੂੰ ਸਫਾਈ ਮੁਹਿੰਮ ਵਿਚ ਸਹਿਯੋਗ ਦਾ ਸੱਦਾ

ਫਗਵਾੜਾ, (ਡਾ ਰਮਨ )
ਫਗਵਾੜਾ  ਨਗਰ ਨਿਗਮ ਵਿਖੇ ਅੱਜ ਵਧੀਕ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ ਵਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪਹਿਲੀ ਅਕਤੂਬਰ ਤੋਂ 15 ਅਕਤੂਬਰ ਤੱਕ ਨਗਰ ਨਿਗਮ ਅਧੀਨ ਪੈਂਦੇ ਖੇਤਰਾਂ ਵਿਚ ਸਾਫ ਸਫਾਈ ਵੱਲ ਵਿਸ਼ੇਸ ਤਵੱਜ਼ੋਂ ਦਿੱਤੀ ਜਾਵੇਗੀ।

ਇਸ ਸਬੰਧੀ ਨਗਰ ਨਿਗਮ ਦੇ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਬੋਲਦਿਆਂ ਕਮਿਸ਼ਨਰ ਸ੍ਰੀ ਵਰਮਾ ਨੇ ਕਿਹਾ ਕਿ ਇਨਾਂ 15 ਦਿਨਾਂ ਦੌਰਾਨ ਸ਼ਹਿਰ ਦੇ  ਹਰ ਗਲੀ ਮੁਹੱਲੇ ਵਿਚ ਸਫਾਈ ਮੁਹਿੰਮ ਚਲਾਈ ਜਾਵੇਗੀ । ਇਸ ਤੋਂ ਇਲਾਵਾ ਲੋਕਾਂ ਨੂੰ ਸਾਫ ਸਫਾਈ ਰੱਖਣ  ਤੇ ਉਸਦੇ ਸਿਹਤ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਅੰਦਰ ਸਰਕਾਰੀ ਦਫਤਰਾਂ, ਮੁੱਖ ਥਾਵਾਂ , ਚੌਕਾਂ ਆਦਿ ਉੱਪਰ ਕੂੜੇਦਾਨ ਸਥਾਪਿਤ ਕੀਤੇ ਜਾ ਰਹੇ ਹਨ ਤੇ ਨਾਲ ਹੀ ਲੋਕਾਂ ਨੂੰ ਸੁਚੇਤ ਕਰਨ ਲਈ ਵਾਹਨ ਵੀ ਰਵਾਨਾ ਕੀਤੇ ਗਏ ਹਨ ਜੋ ਕਿ ਸ਼ਹਿਰ ਵਿਚ ਸਾਫ ਸਫਾਈ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਨਗਰ ਨਿਗਮ ਵਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਜਾਗਰੂਕ ਕਰਨਗੇ।

ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ  ਤੇ ਕਰਮਚਾਰੀਆਂ ਵਲੋਂ ਸਾਫ ਸਫਾਈ ਰੱਖਣ ਲਈ ਗੰਭੀਰ ਯਤਨ ਕਰਨ ਬਾਰੇ ਸਹੁੰ ਵੀ ਚੁੱਕੀ ਗਈ ਤੇ ਪੌਦਿਆਂ ਦੀ ਵੀ ਵੰਡ ਕੀਤੀ ਗਈ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ  ਵਿਚ ਵੀ ਮਦਦ ਮਿਲ ਸਕੇ।