ਨਗਰ ਨਿਗਮ ਦੇ ਕਮਿਸ਼ਨਰਾਂ ਨਾਲ ਕਪੂਰਥਲਾ ਵਿਖੇ ਕੀਤੀ ਮੀਟਿੰਗ

ਸਫਾਈ ਕਰਮੀਆਂ ਸੀਵਰਮੈਨਾਂ,ਪੰਪ ਓਪਰੇਟਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ- ਗੇਜਾ ਰਾਮ
ਫਗਵਾੜਾ (ਡਾ ਰਮਨ ) ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਹੈ ਕਿ ਕਮਿਸ਼ਨ ਵਲੋਂ ਫਗਵਾੜਾ ਨਗਰ ਨਿਗਮ ਦੇ ਸੀਵਰ ਮੈਨਾਂ ਅਤੇ ਪੰਪ ਓਪਰੇਟਰਾਂ ਨੂੰ ਠੇਕੇਦਾਰ ਵਲੋਂ ਘੱਟ ਤਨਖਾਹ ਦੇ ਕੇ ਉਨਾਂ ਦਾ ਸ਼ੋਸ਼ਣ ਕਰਨ ਸਬੰਧੀ ਸ਼ਿਕਾਇਤਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੂੰ ਮਾਮਲੇ ਦੀ ਪੜਤਾਲ 15 ਦਿਨ ਵਿਚ ਮੁਕੰਮਲ ਕਰਕੇ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਸੌਂਪਣ ਲਈ ਕਿਹਾ ਗਿਆ ਹੈ ।

ਅੱਜ ਇੱਥੇ ਸਥਾਨਕ ਸਰਕਟ ਹਾਊਸ ਵਿਖੇ ਸ੍ਰੀ ਗੇਜਾ ਰਾਮ ਵਲੋਂ ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੀਵ ਵਰਮਾ, ਕਪੂਰਥਲਾ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਹੁਲ ਚਾਬਾ,ਨਗਰ ਕੌਸਲ ਕਪੂਰਥਲਾ ਦੇ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ, ਪ੍ਰਦੀਪ ਸਿੰਘ ਸਕੱਤਰ ਨਗਰ ਨਿਗਮ ਫਗਵਾੜਾ ਅਤੇ ਜਸਦੀਪ ਸਿੰਘ ਜਿਲ੍ਹਾ ਭਲਾਈ ਅਫਸਰ ਕਪੂਰਥਲਾ ਕੋਲੋਂ ਇਸ ਮਾਮਲੇ ਸਬੰਧੀ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।

ਉਨਾਂ ਦੱਸਿਆ ਕਿ ਫਗਵਾੜਾ ਨਗਰ ਨਿਗਮ ਵਿਖੇ ਕੰਮ ਕਰਕੇ ਪੰਪ ਓਪਰੇਟਰਾਂ ਅਤੇ ਸੀਵਰ ਮੈਨਾਂ ਨੂੰ ਸਬੰਧਤ ਠੇਕੇਦਾਰ ਵਲੋਂ ਅੱਧੀ ਤਨਖਾਹ ਦੇ ਕੇ ਉਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਜਿਸ ਤੇ ਨਗਰ ਨਿਗਮ ਵਲੋਂ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ।

ਕਮਿਸ਼ਨ ਵਲੋਂ ਸੀਵਰੇਜ ਬੋਰਡ ਦੇ ਐਕਸੀਏਨ ਨੂੰ ਹਦਾਇਤ ਕੀਤੀ ਕਿ ਉਹ ਨਗਰ ਨਿਗਮ ਫਗਵਾੜਾ ਕੋਲ ਕੰਮ ਕਰਦੇ ਸੀਵਰਮੈਨਾਂ, ਪੰਪ ਓਪਰੇਟਰਾਂ ਆਦਿ ਦੀ ਗਿਣਤੀ ਉਨਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਉਨਾਂ ਨੂੰ ਠੇਕੇਦਾਰ ਵਲੋਂ ਅਦਾਇਗੀ ਸਬੰਧੀ ਵਿਸਥਾਰਿਤ ਰਿਪੋਰਟ ਵੀ ਦਿੱਤੀ ਜਾਵੇ।

ਉਨਾਂ ਇਹ ਵੀ ਦੱਸਿਆ ਕਿ ਮੁਹੱਲਾ ਸੁਧਾਰਕ ਕਮੇਟੀ ਤਹਿਤ ਕੰਮ ਕਰਦੇ ਸਫਾਈ ਕਰਮੀਆ ਨੂੰ ਕੇਵਲ ਪਹਿਲਾ 2400 ਰੁਪਏ ਤਨਖਾਹ ਦਿੱਤੀ ਜਾਂਦੀ ਸੀ ਜਿਸ ਨੂੰ ਕਮਿਸ਼ਨ ਦੇ ਦਖਲ ਬਾਅਦ ਘੱਟੋ ਘੱਟ ਤਨਖਾਹ ਦੇ ਬਰਾਬਰ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।

ਉਨਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨ ਵਲੋਂ ਨਗਰ ਨਿਗਮ ਫਗਵਾੜਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਮਸਨ ਜਿਨਾਂ ਵਲੋਂ ਇਸ ਤੇ ਕਾਰਵਾਈ ਕਰਦਿਆਂ ਸਫਾਈ ਕਰਮੀਆਂ ਦੀ ਬਣਦੀ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਗਏ।

ਉਨਾਂ ਸਪੱਸ਼ਟ ਕੀਤਾ ਕਿ ਕਮਿਸ਼ਨ ਵਲੋਂ ਸਫਾਈ ਕਰਮੀਆ ਪੰਪ ਓਪਰੇਟਰਾਂ ਸੀਵਰਮੈਨਾਂ ਆਦਿ ਦਾ ਸ਼ੋਸ਼ਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇ।
ਇਸ ਮੌਕੇ ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ, ਸੀਨੀਅਰ ਕੌਸਲਰ ਨਰਿੰਦਰ ਮਨਸੂ ਵੀ ਹਾਜ਼ਰ ਸਨ