ਫਗਵਾੜਾ ( ਡਾ ਰਮਨ) ਫਗਵਾੜਾ – ਜੰਡਿਆਲਾ ਸੜਕ ਜੋ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਸਕੀਮ ਅਧੀਨ ਬਣਾਈ ਗਈ ਸੀ, ਹੁਣ ਇਸ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ, ਜਿਸ ਦੇ ਚੱਲਦਿਆਂ ਫਗਵਾੜਾ ਤੋਂ ਦਰਵੇਸ਼ ਪਿੰਡ ਤੱਕ ਜਾਂਦੀ ਇਹ ਸੜਕ ਡੂੰਘੇ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਸੜਕ ਦੀ ਹਾਲਤ ਇੰਨੀ ਤਰਸਯੋਗ ਬਣ ਚੁੱਕੀ ਹੈ ਕਿ ਇਸ ਸੜਕ ਤੋਂ ਵਾਹਨ ਚਾਲਕਾਂ ਦਾ ਲੰਘਣਾ ਵੀ ਔਖਾ ਬਣਿਆਂ ਹੋਇਆ ਹੈ ਅਤੇ ਜਿਸ ਕਾਰਨ ਆਏ ਦਿਨ ਭਿਆਨਕ ਹਾਦਸਾ ਵਾਪਰਨ ਦਾ ਡਰ ਹਮੇਸ਼ਾਂ ਬਣਿਆਂ ਰਹਿੰਦਾ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕੇ ਦੇ ਵਸਨੀਕਾਂ ਗੁਰਪ੍ਰੀਤ ਬੰਗਾ, ਰੂਪ ਲਾਲ, ਗੁਰਤੇਜ, ਪ੍ਰੇਮ ਚੰਦ, ਜਤਿਨ, ਅੰਕੁਸ਼ ਕੈਲੇ, ਸੋਢੀ ਰਾਮ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਮੱਖਣ ਲਾਲ, ਸੁੱਚਾ ਰਾਮ, ਬਲਵਿੰਦਰ ਸਿੰਘ, ਧਰਮਵੀਰ, ਮਦਨ ਲਾਲ, ਜੋਗਿੰਦਰ ਪਾਲ, ਦਵਿੰਦਰ ਸਿੰਘ, ਰਾਜ ਕੁਮਾਰ, ਹਰਜਿੰਦਰ ਕੌਰ, ਗੁਰਦੇਵ ਕੌਰ, ਮੀਨਾ ਰਾਣੀ, ਬਖਸੋ , ਮਿੰਦੋ, ਰੇਸ਼ਮ ਕੌਰ, ਗੁਰਦੀਪ ਸਿੰਘ ਦੀਪਾ ਅਤੇ ਨਰੇਸ਼ ਜੋਸ਼ੀ ਨੇ ਕਿਹਾ ਕਿ ਇਸ ਸੜਕ ਦੀ ਸਮੱਸਿਆ ਸਬੰਧੀ ਕਈ ਵਾਰ ਹਲਕਾ ਵਿਧਾਇਕ ,ਸਬੰਧਤ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਜਾਣੂ ਕਰਵਾਇਆ ਗਿਆ ਲੇਕਿਨ ਕਿਸੇ ਨੇ ਵੀ ਹਾਲੇ ਤੱਕ ਉਕਤ ਸੜਕ ਦੀ ਸਾਰ ਨਹੀਂ ਲਈ, ਜਿਸਦੇ ਚੱਲਦੇ ਹੋਏ ਰੋਜਾਨਾ ਹੀ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਸੜਕ ਵਿਚਕਾਰ ਪਏ ਡੂੰਘੇ ਟੋਇਆਂ ‘ਚ ਪਾਣੀ ਭਰ ਜਾਂਦਾ ਹੈ ਤਾਂ ਆਏ ਦਿਨ ਭਿਆਨਕ ਹਾਦਸਾ ਵਾਪਰਨ ਦਾ ਡਰ ਹਮੇਸ਼ਾਂ ਬਣਿਆਂ ਰਹਿੰਦਾ ਹੈ । ਉਹਨਾਂ ਨੇ ਇੱਕ ਵਾਰ ਫਿਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਆਉਣ -ਜਾਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ । ਕੀ ਕਹਿੰਦੇ ਹਨ ਪੀ. ਡਬਲਯੂ. ਡੀ. ਦੇ ਉੱਚ ਅਧਿਕਾਰੀ – ਇਸ ਸਬੰਧੀ ਗੱਲਬਾਤ ਕਰਦਿਆਂ ਪੀ. ਡਬਲਯੂ. ਡੀ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸੜਕ ਦੀ ਸਮੱਸਿਆ ਸਬੰਧੀ ਜਾਣਕਾਰੀ ਹੈ ਅਤੇ ਬਰਸਾਤ ਖਤਮ ਹੋਣ ਤੋਂ ਬਾਅਦ ਇਹ ਸੜਕ ਬਣਾ ਦਿੱਤੀ ਜਾਵੇਗੀ