ਫਗਵਾੜਾ ( ਡਾ ਰਮਨ) ਫਗਵਾੜਾ ਇਨਵਾਇਰੰਮੈਂਟ ਐਸੋਸੀਏਸ਼ਨ ਵਲੋਂ 50ਵਾਂ ਵਿਸ਼ਵ ਧਰਤੀ ਦਿਵਸ ਆਨ ਲਾਈਨ ਲੇਖ ਮੁਕਾਬਲੇ ਕਰਵਾ ਕੇ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਹਰ ਸਾਲ ਧਰਤੀ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਲਾਗੂ ਲਾਕਡਾਉਨ ਦੇ ਚਲਦਿਆਂ ਬੱਚਿਆਂ ਦੇ ਆਨ ਲਾਈਨ ਲੇਖ ਮੁਕਾਬਲਿਆਂ ਤੱਕ ਹੀ ਸਮਾਗਮ ਨੂੰ ਸੀਮਿਤ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿਚ ਧਰਤੀ ਨੂੰ ਮਾਂ ਦੀ ਤਰ੍ਹਾਂ ਪਿਆਰ ਕਰਨ ਦਾ ਸੁਨੇਹਾ ਦੇਣਾ ਅਤੇ ਧਰਤੀ ਉਪਰਲੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜਾਗਰੁਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਲਾਕਡਾਉਨ ਕਰਫਿਉ ਲਾਗੂ ਹੋਇਆ ਹੈ ਧਰਤੀ ਦਾ ਵਾਤਾਵਰਣ ਸ਼ੁੱਧ ਹੋ ਗਿਆ ਹੈ। ਪੰਛੀਆਂ ਦੇ ਚਹਿਚਹਾਉਣ ਦੀਆਂ ਅਵਾਜ਼ਾਂ ਫਿਰ ਸੁਣਾਈ ਦੇਣ ਲਗ ਪਈਆਂ ਹਨ। ਜਿਸ ਤੋਂ ਸਮਝਣਾ ਚਾਹੀਦਾ ਹੈ ਕਿ ਆਧੁਨਿਕਤਾ ਅਤੇ ਮਸ਼ੀਨੀ ਯੁਗ ਵਿਚ ਅਸੀਂ ਧਰਤੀ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਮੁਕਾਬਲੇ ਵਿਚ 34 ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿਚ ਪਲਕ, ਅਮੀਸ਼ਾ ਅਤੇ ਜਸਲੀਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਜੱਜਾਂ ਦੀ ਭੂਮਿਕਾ ਵਾਤਾਵਰਣ ਪ੍ਰੇਮੀ, ਅਮਰਜੀਤ, ਸਕਿਲ ਡਿਵੈਲਪਮੈਂਟ ਮਾਹਿਰ ਨਰਿੰਦਰ ਕੌਰ ਅਤੇ ਸਾਹਿਤਕਾਰ ਗੁਰਮੀਤ ਪਲਾਹੀ ਵਲੋਂ ਨਿਭਾਈ ਗਈ। ਜੇਤੂ ਵਿਦਿਆਰਥਣਾਂ ਨੂੰ ਨਗਦ ਇਨਾਮਾਂ ਦੀ ਵੰਡ ਬਲੱਡ ਬੈਂਕ ਵਿਖੇ ਸਬ ਇੰਸਪੈਕਟਰ ਰਾਣੀ ਬਿਰਹਾ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ ਨੀਲਮ ਪਸਰੀਚਾ, ਡਾ. ਅਮਰਜੀਤ ਚੌਸਰ, ਮਾਸਟਰ ਲਕਸ਼ੈ ਭੱਲਾ, ਨਿਤਿਸ਼ ਬਤਰਾ, ਸੁਰਿੰਦਰ ਕੋਛੜ ਆਦਿ ਹਾਜਰ ਸਨ।