ਫਗਵਾੜਾ ( ਡਾ ਰਮਨ /ਅਜੇ ਕੋਛੜ ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਅੱਜ ਵਿਸ਼ਵ ਜੰਗਲਤਾ ਦਿਵਸ ਮੌਕੇ ਪੀ.ਡਬਲਯੂ.ਡੀ. ਰੈਸਟ ਹਾਉਸ ਦੇ ਨਾਲ ਲੱਗਦੀ ਮਾਡਲ ਟਾਉਨ ਦੀ ਸੜਕ ਤੇ ਬਣੀਆਂ ਗਰੀਨ ਬੈਲਟਾਂ ਦੀ ਸਫਾਈ ਕੀਤੀ ਅਤੇ ਫੁੱਲਦਾਰ ਤੇ ਛਾਂ ਦਾਰ ਬੂਟੇ ਲਗਾਏ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ. ਅਮਰਜੀਤ ਚੌਸਰ, ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਤੋਂ ਇਲਾਵਾ ਵਾਤਾਵਰਣ ਪ੍ਰੇਮੀ ਡਾ. ਸ਼ਮਸ਼ੇਰ ਸਿੰਘ, ਸੁਰਿੰਦਰ ਪਾਲ ਅਤੇ ਸ੍ਰੀ ਹਰੀ ਰਾਮ ਨੇ ਜਿੱਥੇ ਕਾਰਪੋਰੇਸ਼ਨ ਫਗਵਾੜਾ ਅਤੇ ਜੰਗਲਾਤ ਵਿਭਾਗ ਦੇ ਮੁਲਾਜਮਾ ਦੇ ਸਹਿਯੋਗ ਨਾਲ ਆਪਣੀ ਨਿਗਰਾਨੀ ਹੇਠ ਸਫਾਈ ਕਰਵਾਈ ਉੱਥੇ ਹੀ ਆਪਣੇ ਹੱਥੀਂ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਸ੍ਰ. ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਹਰ ਸਾਲ ਕਰਵਾਇਆ ਜਾਣ ਵਾਲਾ ਵਿਸ਼ਵ ਜੰਗਲਾਤ ਦਿਵਸ ਸਬੰਧੀ ਸਮਾਗਮ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਾਤਾਵਰਣ ਪ੍ਰੇਮੀ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਨੂੰ ਕੁਦਰਤ ਨਾਲ ਜੁੜੇ ਰਹਿਣਾ ਚਾਹੀਦਾ ਹੈ। ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰਕੇ ਅਸੀਂ ਖੁੱਦ ਮੁਸੀਬਤਾਂ ਮੋਲ ਲੈ ਰਹੇ ਹਨ ਜਿਸ ਨਾਲ ਜਲਵਾਯੂ ਪਰਿਵਰਤਨ ਹੋ ਰਿਹਾ ਹੈ ਅਤੇ ਕੋਰੋਨਾ ਵਰਗੇ ਵਾਇਰਸ ਐਕਟਿਵ ਹੁੰਦੇ ਹਨ। ਡਾ. ਅਮਰਜੀਤ ਚੋਸਰ ਨੇ ਵੀ ਸਮੂਹ ਸਮਾਜ ਨੂੰ ਵਾਤਾਵਰਣ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ।