*ਇਕ ਲੱਖ ਰੁਪਏ ਤੱਕ ਦੇ ਸ਼ੈੱਡ ਲਈ 100 ਫੀਸਦੀ ਸਹਾਇਤਾ ਦੇਵੇਗੀ ਸਰਕਾਰ
*ਸਰਕਾਰ ਨੇ ਕਿਸਾਨਾਂ ਵੱਲੋਂ 40 ਫੀਸਦੀ ਯੋਗਦਾਨ ਦੇਣ ਦੀ ਸ਼ਰਤ ਹਟਾਈ
*ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਯੋਜਨਾ ਸਬੰਧੀ ਵੱਖ-ਵੱਖ ਪਿੰਡਾਂ ਦਾ ਦੌਰਾ

ਫਗਵਾੜਾ (ਡਾ ਰਮਨ)
ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਸ਼ਵ ਵਿਆਪੀ ਅਸਰ ਕਾਰਨ ਅਰਥਚਾਰੇ ’ਤੇ ਪਏ ਮਾੜੇ ਪ੍ਰਭਾਵ ਤੋਂ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਪਿੰਡਾਂ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ ਲਈ ਉਨਾਂ ਨੂੰ ਪਸ਼ੂਆਂ ਦੇ ਸ਼ੈੱਡ ਬਣਾ ਕੇ ਦੇਣ ਦੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ 4 ਤੋਂ 6 ਪਸ਼ੂਆਂ ਜਾਂ ਬੱਕਰੀਆਂ ਤੇ ਸੂਰ ਪਾਲਣ ਲਈ ਇਕ ਲੱਖ ਰੁਪਏ ਤੱਕ ਦੇ ਸ਼ੈੱਡ ਦੀ ਉਸਾਰੀ ਲਈ ਮਨਰੇਗਾ ਦੇ ਜਾਬ ਕਾਰਡ ਹੋਲਡਰਾ, ਪਿੰਡਾਂ ਵਿਚ ਰਹਿਣ ਵਾਲੇ ਔਰਤ ਮੁਖੀ ਪਰਿਵਾਰਾਂ, ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਲਾਭਪਾਤਰੀਆ ਅਤੇ ਐਸ. ਸੀ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੇਤੀ ਵਿਭਿੰਨਤਾ ਲਿਆਉਣ ਦੀ ਯੋਜਨਾ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਪੂਰਥਲਾ ਦੇ ਪਿੰਡਾਂ ਜਹਾਂਗੀਰਪੁਰ, ਅਕਬਰਪੁਰ ਤੇ ਖੀਰਾਂਵਾਲੀ ਦਾ ਦੌਰਾ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਉਠਾ ਕੇ ਕੋਰੋਨਾ ਵਾਇਰਸ ਦੇ ਅਰਥਚਾਰੇ ’ਤੇ ਪਏ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਸੂਬੇ ਨੂੰ ਅੱਗੇ ਲਿਜਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਬੰਧਤ ਪਿੰਡ ਦੇ ਸਰਪੰਚ, ਇਲਾਕੇ ਦੇ ਬੀ. ਡੀ. ਪੀ. ਓ ਜਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਵੱਧ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਦੇਣ ਲਈ ਸਰਕਾਰ ਵੱਲੋਂ ਕਿਸਾਨ ਦੇ 40 ਫੀਸਦੀ ਯੋਗਦਾਨ ਦੀ ਸ਼ਰਤ ਹਟਾ ਦਿੱਤੀ ਗਈ ਹੈ ਅਤੇ ਹੁਣ ਸ਼ੈੱਡ ਦਾ 100 ਫੀਸਦੀ ਖ਼ਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਏ. ਪੀ. ਓ ਸ੍ਰੀ ਵਿਸ਼ਾਲ ਅਰੋੜਾ, ਆਈ. ਟੀ ਮੈਨੇਜਰ ਸ੍ਰੀ ਰਾਜੇਸ਼ ਰਾਏ ਅਤੇ ਹੋਰ ਹਾਜ਼ਰ ਸਨ।