ਕੈਪਟਨ ਝੂਠਾ,ਦੇ ਨਾਰਿਆ ਨਾਲ ਕੀਤਾ ਰੋਸ ਪ੍ਰਦਰਸ਼ਨ ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

18 ਸਤੰਬਰ 2020 ਅੱਜ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਲਈ ਗੰਭੀਰਤਾ ਨਾ ਦਿਖਾਉਣ ਕਰਕੇ ਪੰਜਾਬ -ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ 16 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਕੇਂਦਰਾਂ ਤੇ ਲੜੀਵਾਰ ਭੁੱਖ ਹੜਤਾਲ ਰੱਖਣ ਦੇ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ ਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਪੁੱਡਾ ਗਰਾੳੇੂਂਡ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੀਜੇ ਦਿਨ ਦੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਤੀਜੇ ਦਿਨ ਦੀ ਲੜੀਵਾਰ ਭੁੱਖ ਹੜਤਾਲ ਵਿੱਚ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸਾਥੀ ਭੁੱਖ ਹੜਤਾਲ ਵਿੱਚ ਬੈਠੇ। ਭੁੱਖ ਹੜਤਾਲੀ ਸਾਥੀਆਂ ਵਿੱਚ ਗਗਨਦੀਪ ਸ਼ਰਮਾ, ਕਮਲਜੀਤ, ਪੰਕਜ, ਰਾਕੇਸ਼ ਕੁਮਾਰ, ਮਨਵੀਰ ਸਿੰਘ, ਨਵਰੋਜ਼, ਗੁਰਮੇਲ ਸਿੰਘ ਸ਼ਾਮਲ ਹੋਏ। ਭੁੱਖ ਹੜਤਾਲ ਨੂੰ ਸ਼ੁਰੂ ਕਰਵਾਉਂਦਿਆਂ ਜ਼ਿਲ੍ਹਾ ਕਨਵੀਨਰਾਂ ਅਸ਼ੀਸ਼ ਜੁਲਾਹਾ, ਹਰਿੰਦਰ ਸਿੰਘ ਚੀਮਾ, ਪੁਸ਼ਪਿੰਦਰ ਕੁਮਾਰ ਵਿਰਦੀ, ਪਿਆਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਆਪਣੇ ਮੈਨੀਫੈਸਟੋ ਰਾਹੀਂ ਅਤੇ ਮੁੱਖ ਮੰਤਰੀ ਵਲੋਂ ਅਖਬਾਰੀ ਬਿਆਨਾਂ ਰਾਹੀਂ ਕੀਤਾ ਸੀ। ਪਰ ਸਾਢੇ ਤਿੰਨ ਸਾਲਾਂ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਤੇ ਸਿਰਫ ਕਮੇਟੀਆਂ ਬਣਾ ਕੇ ਹੀ ਸਾਰਿਆ ਜਾ ਰਿਹਾ ਹੈ। ਸਰਕਾਰ ਵਲੋਂ ਹੁਣ ਤੱਕ ਚਾਰ ਸਬ-ਕਮੇਟੀਆਂ ਸਮੇਂ-ਸਮੇਂ ਤੇ ਬਣਾਈਆਂ ਜਾ ਚੁੱਕੀਆਂ ਹਨ। ਮੌਜੂਦਾ ਸਬ-ਕਮੇਟੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਡੇਢ ਸਾਲ ਪਹਿਲਾਂ ਬਣਾਈ ਗਈ ਸੀ। ਇਹ ਕਮੇਟੀ ਸਿਰਫ ਤੇ ਸਿਰਫ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 2016 ਵਿੱਚ ਬਣਾਏ ਗਏ ਐਕਟ ਨੂੰ ਲਾਗੂ ਕਰਾਉਣ ਲਈ ਬਣਾਈ ਗਈ ਸੀ। ਇਹ ਕਮੇਟੀ ਪਹਿਲਾਂ ਤਿੰਨ ਮੈਂਬਰੀ ਸੀ ਪਰ ਪਿੱਛੇ ਜਿਹੇ ਸਰਕਾਰ ਨੇ ਇਸ ਕਮੇਟੀ ਵਿੱਚ ਦੋ ਕੈਬਨਿਟ ਮਨਿਸਟਰ ਹੋਰ ਸ਼ਾਮਿਲ ਕਰਕੇ ਇਸ ਨੂੰ ਪੰਜ ਮੈਂਬਰੀ ਬਣਾ ਦਿੱਤਾ ਗਿਆ ਹੈ। ਪਰ ਇੱਥੇ ਬੜੀ ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਪੰਜ ਮੰਤਰੀਆਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਦੇਣ ਦੀ ਥਾਂ ਤੇ ਸਿਰਫ ਗੋਗਲੂਆਂ ਤੋਂ ਮਿੱਟੀ ਲਾਹੁਣ ਦਾ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਸਰਕਾਰ ਵਲੋਂ ਹੀ 2018 ਵਿੱਚ 8886 ਅਧਿਆਪਕਾਂ ਅਤੇ 600 ਨਰਸਾਂ ਨੂੰ ਕੈਬਨਿਟ ਦੇ ਫੈਸਲੇ ਤੇ ਹੀ ਪੱਕਾ ਕਰ ਦਿੱਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਲੱਗਿਆਂ ਕਿਸੇ ਵੀ ਐਕਟ ਨੂੰ ਨਹੀਂ ਵੇਖਿਆ ਗਿਆ ਅਤੇ ਸਰਕਾਰ ਦੀ ਪਹਿਲਾਂ ਤੋਂ ਚਲਦੀ ਆ ਰਹੀ 3 ਸਾਲਾਂ ਦੀ ਪਾਲਿਸੀ ਅਨੁਸਾਰ ਹੀ ਪੱਕਾ ਕਰ ਦਿੱਤਾ ਗਿਆ ਹੈ। ਫਿਰ ਬਾਕੀ ਮੁਲਾਜ਼ਮਾਂ ਨੂੰ ਵੀ ਕੈਬਨਿਟ ਦੇ ਫੈਸਲੇ ਅਨੁਸਾਰ ਪੱਕਾ ਕੀਤਾ ਜਾ ਸਕਦਾ ਹੈ ਪਰ ਸਰਕਾਰ ਸਿਰਫ ਸਮਾਂ ਟਪਾ ਰਹੀ ਹੈ।
ਜ਼ਿਲ੍ਹਾ ਆਗੂ ਗਗਨਦੀਪ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 2019 ਐਕਟ ਦੀ ਇੱਕ ਕਾਪੀ ਵਾਇਰਲ ਹੋਈ ਹੈ। ਜਿਸ ਵਿੱਚ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਰੈਗੂਲਰ ਪੋਸਟ ਦੇ ਵਿਰੁੱਧ ਲੱਗੇ ਮੁਲਾਜ਼ਮਾਂ ਨੂੰ ਹੀ ਪੱਕਾ ਕਰਨ ਦੀ ਗੱਲ ਕਹੀ ਗਈ ਹੈ ਅਤੇ ਇਸ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਬਿਲਕੁੱਲ ਵੀ ਵਿਚਾਰਿਆਂ ਨਹੀਂ ਗਿਆ ਹੈ। ਸਮੂਹ ਕੱਚੇ ਮੁਲਾਜ਼ਮਾਂ ਵਲੋਂ ਇਸ ਐਕਟ ਨੂੰ ਮੁੱਢੋਂ ਹੀ ਨਕਾਰ ਦਿੱਤਾ ਗਿਆ ਹੈ ਅਤੇ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਇਹ ਚੇਤਾਵਨੀ ਦਿੱਤੀ ਹੈ ਕਿ 2016 ਐਕਟ ਵਾਂਗ ਹੀ ਹਰ ਕੈਟਾਗਰੀ ਦੇ ਮੁਲਾਜ਼ਮਾਂ ਨੂੰ 3 ਸਾਲ ਦੀ ਸੇਵਾ ਪੂਰੀ ਹੋਣ ਤੇ ਪੱਕਾ ਕੀਤਾ ਜਾਵੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਵਿਭਾਗ ਵਿੱਚ ਲਿਆ ਜਾਵੇ। ਜੇਕਰ ਸਰਕਾਰ ਨੇ ਜਲਦੀ ਹੀ ਕੱਚੇ ਮੁਲਾਜਮਾ ਨੂੰ ਪੱਕਾ ਨਾ ਕੀਤਾ ਤਾਂ ਸਮੂਹ ਕੱਚੇ ਮੁਲਾਜ਼ਮਾਂ ਵਲੋਂ 19 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਵਿੱਚ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਇਸ ਤੋਂ ਵੀ ਹੋਰ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਵੇਦ ਪ੍ਰਕਾਸ਼, ਕਰਨੈਲ ਸਿੰਘ ਸੰਧੂ, ਕਰਮਜੀਤ ਸਿੰਘ, ਸੰਦੀਪ ਸਿੰਘ, ਗੁਰਦੀਪ ਸਿੰਘ, ਰਾਜੀਵ ਸ਼ਰਮਾ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ