* ਕਿਹਾ : ਪੰਜਾਬ ਨੂੰ ਕਰੇਗਾ ਬਰਬਾਦ, ਕੇਂਦਰ ਦਾ ਨਵਾਂ ਖੇਤੀ ਸੁਧਾਰ ਕਾਨੂੰਨ
* ਰੋਸ ਸਾਇਕਲ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਕਾਲੀਆਂ ਝੰਡੀਆਂ ਲੈ ਕੇ ਸ਼ਾਮਿਲ ਹੋਏ ਨੌਜਵਾਨ ਤੇ ਬਜੁਰਗ
ਫਗਵਾੜਾ ( ਡਾ ਰਮਨ ) ਕੇਂਦਰ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਸੁਧਾਰ ਬਿੱਲ ਨੂੰ ਪੰਜਾਬ ਦੀ ਕਿਸਾਨੀ ਦਾ ਉਜਾੜਾ ਦਸਦੇ ਹੋਏ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਚੰਡੀਗੜ ਲਈ ਸ਼ੁਰੂ ਹੋਈ ‘ ਪੰਜਾਬ ਬਚਾਓ ਕਿਸਾਨ ਬਚਾਓ ‘ ਸਾਇਕਲ ਰੋਸ ਮਾਰਚ ਦਾ ਅਜ ਸਥਾਨਕ ਮੇਹਟਾ – ਮੇਹਲੀ ਬਾਈਪਾਸ ਵਿਖੇ ਪੁੱਜਣ ‘ਤੇ ਲੋਕ ਇੰਨਸਾਫ ਪਾਰਟੀ ਜਿਲ੍ਹਾ ਕਪੂਰਥਲਾ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਵਿਜੇ ਪੰਡੋਰੀ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਬੈਂਸ ਭਰਾਵਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰ ਬਿੱਲ ਦੇ ਨਾਮ ‘ਤੇ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਵਿਚ ਸਿੱਧੇ ਤੌਰ ‘ਤੇ ਕਿਸਾਨ ਅਤੇ ਮਜ਼ਦੂਰ ਨੂੰ ਬਰਬਾਦ ਕਰਨ ਦੀ ਸਾਜਿਸ਼ ਹੈ ਅਤੇ ਲੋਕ ਇੰਨਸਾਫ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰਦੀ ਹੈ । ਉਹਨਾਂ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਦਾ ਕੇਂਦਰ ਸਰਕਾਰ ਘਾਣ ਕਰ ਰਹੀ ਹੈ ਅਤੇ ਅਫਸੋਸ ਕੇ ਹਮੇਸ਼ਾ ਕਿਸਾਨ ਮੁਦਿਆਂ ‘ਤੇ ਪਹਿਰਾ ਦੇਣ ਵਾਲਾ ਅਕਾਲੀ ਦਲ ਵੀ ਅੱਜ ਬੀਬਾ ਬਾਦਲ ਦੀ ਕੁਰਸੀ ਬਚਾਉਣ ਦੀ ਖਾਤਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਦੂਸਰੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਵੀ ਇਸ ਦੇ ਵਿਰੋਧ ਵਿੱਚ ਕੁਝ ਨਹੀਂ ਬੋਲ ਰਹੀ । ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਚੱਲਿਆ ਇਹ ਰੋਸ ਮਾਰਚ ਸ਼ੁਕਰਵਾਰ ਨੂੰ ਚੰਡੀਗੜ ਵਿਖੇ ਜਾ ਕੇ ਮੁਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਦੇਵੇਗਾ, ਜਿਸ ਵਿਚ ਉਕਤ ਬਿਲ ਦੇ ਵਿਰੋਧ ‘ਚ ਸਪੈਸ਼ਲ ਸਦਨ ਬੁਲਾ ਕੇ ਇਸ ਬਿਲ ਨੂੰ ਪੰਜਾਬ ਵਿੱਚ ਲਾਗੂ ਨਾ ਕਰਵਾਉਣ ਲਈ ਮੰਗ ਰੱਖੀ ਜਾਵੇਗੀ ਤਾਂ ਜੋ ਕਿਸਾਨ ਅਤੇ ਮਜ਼ਦੂਰ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ । ਇਸ ਮੌਕੇ ਵਿਜੈ ਪੰਡੋਰੀ ਨੇ ਕਿਹਾ ਕਿ ਉਕਤ ਮਾਰਚ ਦਾ ਮਕਸਦ ਇਹ ਹੈ ਕਿ ਕਿਸਾਨਾਂ, ਮਜਦੂਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ , ਜੋ ਕਿ ਪਹਿਲਾ ਹੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੇ ਚੱਲਦਿਆਂ ਮੰਦਹਾਲੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ । ਉਹਨਾਂ ਕਿਹਾ ਕਿ ਲੋਕ ਇੰਨਸਾਫ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਵਿੱਚੋਂ ਭ੍ਰਿਸਟਾਚਾਰ ਖਤਮ ਕਰਨ ਲਈ ਅਤੇ ਸੂਬਿਆਂ ਦੇ ਅਧਿਕਾਰਾਂ ਪ੍ਰਤੀ ਸੰਘਰਸ਼ਸ਼ੀਲ ਰਹੀ ਹੈ ਅਤੇ ਹੁਣ ਵੀ ਉਕਤ ਮਾਮਲੇ ਵਿੱਚ ਚੁਪ ਕਰਕੇ ਨਹੀਂ ਬੈਠੇਗੀ ।ਇਸ ਮੌਕੇ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਜਰਨੈਲ ਨੰਗਲ, ਬਲਦੇਵ ਸਿੰਘ ਪ੍ਰਧਾਨ ਲੁਧਿਆਣਾ, ਰਾਜਵੀਰ ਸਿੰਘ, ਅਮਰੀਕ ਸਿੰਘ ਵਰਪਾਲ, ਮਨਿੰਦਰ ਸਿੰਘ ਗੋਂਸਪੁਰ, ਜਸਵਿੰਦਰ ਸਿੰਘ ਖਾਲਸਾ, ਪਰਕਾਸ਼ ਸਿੰਘ ਮਾਹਲ, ਹਰਪਰਭਮਹਿਲ ਸਿੰਘ ਬਰਨਾਲਾ ਕਲਾਂ, ਸਤਸਰੂਪਸਿੰਘ, ਬਲਰਾਜ ਬਾਊ, ਬਲਵੀਰ ਠਾਕੁਰ, ਸੁਖਵਿੰਦਰ ਸਿੰਘ ਸ਼ੇਰਗਿੱਲ, ਨਵਜੋਤ ਕੌਰ,ਜੋਗਿੰਦਰ ਕੌਰ, ਹਰਜਿੰਦਰ ਕੌਰ, ਨੇਹਾ, ਵਰਿੰਦਰ ਕੌਰ, ਰੀਨਾ ਰਾਣੀ, ਊਸ਼ਾ ਰਾਣੀ, ਮੋਂਟੀ, ਲਲਿਤ ਮਦਾਨ, ਰੇਸ਼ਮ ਲਾਲ, ਡਾ. ਸੁਖਦੇਵ , ਕੁਲਵੰਤ ਸਿੰਘ, ਨਛੱਤਰ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਆਦਿ ਵੀ ਹਾਜ਼ਰ ਸਨ ।