* ਮੁਲਾਜਮਾਂ ਦੇ ਮਹਿੰਗਾਈ ਭੱਤੇ ਅਤੇ ਪੈਨਸ਼ਨਾਂ ‘ਚ ਕਟੌਤੀ ਨੂੰ ਵੀ ਦੱਸਿਆ ਗਲਤ
ਫਗਵਾੜਾ (ਡਾ ਰਮਨ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਇਸ ਸਾਲ ਸਰਕਾਰੀ ਮੁਲਾਜਮਾ ਦੇ ਮਹਿੰਗਾਈ ਭੱਤੇ ‘ਚ ਵਾਧਾ ਨਾ ਕਰਨ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਅੱਜ ਇੱਥੇ ਗੱਲਬਾਤ ਵਿਚ ਉਹਨਾਂ ਕਿਹਾ ਕਿ ਕੋਰੋਨਾ ਆਫਤ ਦੇ ਇਸ ਮੁਸ਼ਕਿਲ ਸਮੇਂ ਵਿੱਚ ਕੇਂਦਰੀ ਕਰਮਚਾਰੀਆਂ ਅਤੇ ਫੌਜੀਆਂ ਦੇ ਹਿਤਾਂ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕਰਨਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰੀ ਕਰਮਚਾਰੀਆਂ ਅਤੇ ਫੌਜੀਆਂ ਸਮੇਤ ਹਰ ਉਸ ਕਰਮਚਾਰੀ ਸਮੂਹ ਦੇ ਨਾਲ ਡੱਟ ਕੇ ਖੜੀ ਹੈ ਜਿਹਨਾਂ ਦੇ ਭੱਤੇ ਕੱਟੇ ਜਾ ਰਹੇ ਹਨ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਸਮਾਂ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਲਈ ਮੁਸ਼ਕਲ ਪੈਦਾ ਕਰਨ ਦਾ ਬਿਲਕੁਲ ਨਹੀਂ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭੱਤਿਆਂ ਵਿਚ ਕਟੌਤੀ ਕਰਨ ਦੀ ਬਜਾਏ ਦੂਸਰੇ ਗੈਰ ਜਰੂਰੀ ਖਰਚਿਆਂ ਨੂੰ ਰੋਕਿਆ ਜਾਵੇ। ਉਹਨਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨੂੰ ਵੀ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਪੈਨਸ਼ਨ ਭੋਗੀਆਂ ਦਾ ਇੱਕੋ ਇਕ ਸਹਾਰਾ ਹਰ ਮਹੀਨੇ ਮਿਲਣ ਵਾਲੀ ਸਰਕਾਰੀ ਪੈਨਸ਼ਨ ਹੁੰਦੀ ਹੈ ਇਸ ਲਈ ਸੇਵਾਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਵਿਚ ਕਟੌਤੀ ਦਾ ਮੋਦੀ ਸਰਕਾਰ ਦਾ ਫੈਸਲਾ ਵੀ ਸਰਾਸਰ ਅਨਿਆ ਹੈ। ਉਹਨਾਂ ਕੇਂਦਰ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਪੰਜਾਬ ਦੇ ਜੀ.ਐਸ.ਟੀ. ਬਕਾਏ ਦਾ ਤੁਰੰਤ ਸੂਬੇ ਨੂੰ ਭੁਗਤਾਨ ਕੀਤਾ ਜਾਵੇ ਤਾਂ ਜੋ ਇਸ ਪੈਸੇ ਨੂੰ ਕੋਰੋਨਾ ਵਾਇਰਸ ਆਫਤ ਨਾਲ ਨਜਿੱਠਣ ਵਿਚ ਖਰਚ ਕੀਤਾ ਜਾ ਸਕੇ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕਮਲ ਧਾਲੀਵਾਲ ਤੇ ਹਨੀ ਧਾਲੀਵਾਲ ਆਦਿ ਹਾਜਰ ਸਨ।