ਫਗਵਾੜਾ ( ਡਾ ਰਮਨ ) ਸ੍ਰੋਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ‘ਚ ਵੱਧ ਰਹੀ ਗੁੰਡਾਗਰਦੀ ਅਤੇ ਕਤਲੇਆਮ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰੰ ਸਿੰਘ ਸਰਕਾਰ ਸੂਬੇ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ‘ਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਦਿਨ ਦਿਹਾੜੇ ਹੋ ਰਹੇ ਕਤਲ ਡੂੰਘੀ ਚਿੰਤਾ ਦਾ ਵਿਸ਼ਾ ਹੈ ਅਤੇ ਆਮ ਲੋਕਾਂ ਵਿਚ ਦਹਿਸ਼ਤ ਅਤੇ ਅਸੁਰੱਖਿਆ ਵਧ ਰਹੀ ਹੈ। ਜਿਸ ਨੂੰ ਦੇਖਦੇ ਹੋਏ ਢੁਕਵੇਂ ਕਦਮ ਚੁੱਕਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਗੈਰ ਜਰੂਰੀ ਅਸਲਾ ਲਾਈਸੈਂਸ ਰੱਦ ਕੀਤੇ ਜਾਣ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਸਲੇ ਦੀ ਜਰੂਰਤ ਨਹੀਂ ਹੈ ਬਾਵਜੂਦ ਇਸ ਦੇ ਫੌਕੀ ਸ਼ਾਨ ਦਿਖਾਉਣ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਅਸਰ ਰਸੂਖ ਦਾ ਲਾਭ ਲੈਂਦੇ ਹੋਏ ਅਸਲੇ ਦੇ ਲਾਈਸੈਂਸ ਹਾਸਲ ਕਰ ਲਏ ਹਨ ਅਤੇ ਗੁੰਡਾਗਰਦੀ ਕਰਦੇ ਹਨ। ਜਿਸ ਕਰਕੇ ਹੀ ਅਕਸਰ ਹਲਕੀ-ਫੁਲਕੀ ਬਹਿਸਬਾਜੀ ਜਾਂ ਰੰਜਿਸ਼ ਵਿਚ ਹੀ ਗੋਲੀ ਚਲ ਜਾਂਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਮੰਤਰੀਆਂ ਵਿਧਾਇਕਾਂ ਦੀ ਆਪਸੀ ਲੜਾਈ ਵਿਚ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਮੁੱਖ ਮੰਤਰੀ ਦਾ ਸਾਰਾ ਧਿਆਨ ਆਪਣੀ ਕੁਰਸੀ ਬਚਾਉਣ ਵਿਚ ਲੱਗਾ ਹੋਇਆ ਹੈ। ਲੋਕ ਤ੍ਰਾਹਿ-ਤ੍ਰਾਹੀ ਕਰ ਰਹੇ ਹਨ। ਸਰਕਾਰੀ ਯੋਜਨਾਵਾਂ ਦਾ ਲਾਭ ਜਨਤਾ ਨੂੰ ਨਹੀਂ ਮਿਲ ਰਿਹਾ। ਮੁਲਾਜਮਾ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਸਰਕਾਰੀ ਮੁਲਾਜਮ ਸੰਘਰਸ਼ ਦੀ ਰਾਹ ਤੇ ਹਨ। ਕੈਪਟਨ ਸਰਕਾਰ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਜਿਸ ਨੂੰ ਲੈ ਕੇ ਹਰ ਵਰਗ ਦੇ ਲੋਕਾਂ ਵਿਚ ਭਾਰੀ ਰੋਸ ਹੈ। ਠੇਕੇਦਾਰ ਨੇ ਕਿਹਾ ਕਿ ਲੋਕ ਬੇਸਬਰੀ ਨਾਲ ਵਿਧਾਨਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਕਿ ਕੈਪਟਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ।