* ਐਸ.ਐਚ.ਓ. ਬਰਾੜ ਨੇ ਕੋਰੋਨਾ ਯੋਧੇ ਦੇ ਰੂਪ ਵਿਚ ਪੇਸ਼ ਕੀਤੀ ਮਿਸਾਲ – ਬੂਟਾ ਮੁਹੰਮਦ

ਫਗਵਾੜਾ (ਡਾ ਰਮਨ) ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਵਲੋਂ ਕਰੋਨਾ ਮਹਾਮਾਰੀ ਦੌਰਾਨ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰਨ ਅਤੇ ਫਿਰ ਖੁਦ ਕੋਰੋਨਾ ਦਾ ਸ਼ਿਕਾਰ ਹੋ ਕੇ ਬਹਾਦੁਰੀ ਨਾਲ ਮੁਕਾਬਲਾ ਕਰਦੇ ਹੋਏ ਮੁੜ ਤੰਦਰੁਸਤ ਹੋ ਕੇ ਤਨਦੇਹੀ ਨਾਲ ਡਿਉਟੀ ਤੇ ਪਰਤਣ ਲਈ ਥਾਣਾ ਸਿਟੀ ਦੇ ਇੰਚਰਾਜ ਉਕਾਂਰ ਸਿੰਘ ਬਰਾੜ ਨੂੰ ਗੁਲਦੱਸਤਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਦੀ ਸੇਵਾ ਭਾਵਨਾ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਬੂਟਾ ਮਹੁੰਮਦ ਨੇ ਦੱਸਿਆ ਕਿ ਜਿੱਥੇ ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਹੋਰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਦੀ ਹੈ ਉਥੇ ਹੀ ਕੋਰੋਨਾ ਨਾਲ ਲੜਾਈ ਵਿਚ ਦਿਨ-ਰਾਤ ਸੇਵਾਵਾਂ ਨਿਭਾ ਰਹੇ ਕੋਰੋਨਾ ਯੋਧਿਆਂ ਦੀ ਹੌਸਲਾ ਅਫਜਾਈ ਵੀ ਕਰਦੀ ਹੈ। ਉਹਨਾਂ ਕਿਹਾ ਕਿ ਐਸ.ਐਚ.ਓ. ਬਰਾੜ ਬਹੁਤ ਇਮਾਨਦਾਰ ਅਤੇ ਤਨਦੇਹੀ ਨਾਲ ਡਿਉਟੀ ਨਿਭਾਉਣ ਵਾਲੇ ਨਿਡਰ ਤੇ ਬਹਾਦੁਰ ਪੁਲਿਸ ਅਧਿਕਾਰੀ ਹਨ। ਹਰ ਫਗਵਾੜਾ ਵਾਸੀ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮਨਮੀਤ ਮੇਵੀ, ਲੱਖਾਂ-ਨਾਜ਼ ਜੋੜੀ ਨੰਬਰ ਵਨ ਗਾਇਕ ਤੇ ਗੀਤਕਾਰ ਸੱਤੀ ਖੋਖੇਵਾਲੀਆ ਤੋਂ ਇਲਾਵਾ ਸੁਲਤਾਨ ਮਹੁੰਮਦ ਹਾਜ਼ਰ ਸਨ।