* ਫਗਵਾੜਾ ‘ਚ ਪੰਜਾਬੀ ਵਿਰਸਾ ਭਵਨ ਲਈ ਮੰਗੀ ਜਗ•ਾ
ਫਗਵਾੜਾ (ਡਾ ਰਮਨ ) ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦਾ ਇਕ ਵਫਦ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਦੀ ਅਗਵਾਈ ਹੇਠ ਡਿਪਟੀ ਕਮੀਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੂੰ ਮਿਲਿਆ। ਇਸ ਵਫਦ ‘ਚ ਸੁਸਾਇਟੀ ਦੇ ਚੇਅਰਮੈਨ ਮਕਬੂਲ, ਲੱਖਾ-ਨਾਜ ਅਤੇ ਗੀਤਕਾਰ ਸੱਤੀ ਖੋਖੇਵਾਲੀਆ ਸ਼ਾਮਲ ਸਨ। ਵਫਦ ਵਲੋਂ ਡਿਪਟੀ ਕਮੀਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ‘ਚ ਫਗਵਾੜਾ ਵਿਖੇ ਪੰਜਾਬੀ ਵਿਰਸਾ ਭਵਨ ਦੀ ਉਸਾਰੀ ਲਈ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਗਾਇਕ ਕਲਾਕਾਰਾਂ ਬੂਟਾ ਮੁਹੰਮਦ, ਮਕਬੂਲ, ਲੱਖਾ-ਨਾਜ, ਮਨਮੀਤ ਮੇਵੀ ਅਤੇ ਗੀਤਕਾਰ ਸੱਤੀ ਖੋਖੇਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਯਤਨਸ਼ੀਲ ਹੈ। ਸੰਸਥਾ ਵਲੋਂ ਸਮੇਂ-ਸਮੇਂ ਉੱਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਪੰਜਾਬੀ ਕਲਾ ਨਾਲ ਜੁੜੇ ਬਜੁਰਗ ਜਾਂ ਬਿਮਾਰ ਗਾਇਕਾਂ, ਸੰਗੀਤਕਾਰਾਂ ਤੇ ਗੀਤਕਾਰਾਂ, ਸਜਿੰਦਿਆਂ ਦੀ ਹਰ ਸੰਭਵ ਸੇਵਾ ਸਹਾਇਤਾ ਦਾ ਬੀੜਾ ਵੀ ਚੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਹੈ ਅਤੇ ਇਹਨਾਂ ਸਰਗਰਮੀਆਂ ਨੂੰ ਇੱਕੋ ਲੜੀ ‘ਚ ਪਰੋਣ ਲਈ ਇੱਥੇ ਪੰਜਾਬੀ ਵਿਰਸਾ ਭਵਨ ਦੀ ਉਸਾਰੀ ਹੋਣਾ ਜਰੂਰੀ ਹੈ ਜਿਸ ਦੇ ਲਈ ਅੱਜ ਡੀ.ਸੀ. ਕਪੂਰਥਲਾ ਤੋਂ ਜਗਾਂ ਦੇਣ ਲਈ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਸੀ. ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਮਾਲ ਮਹਿਕਮੇ ਨਾਲ ਰਾਬਤਾ ਕਰਕੇ ਉਚਿਤ ਜਗ੍ਹਾ ਦਾ ਪ੍ਰਬੰਧ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੁਸਾਇਟੀ ਦੇ ਕਨਵੀਨਰ ਦੇਬੀ ਮਖਸੂਸਪੁਰੀ, ਗਾਇਕ ਫਿਰੋਜ਼ ਖਾਨ, ਬਲਰਾਜ ਬਿਲਗਾ, ਨਛੱਤਰ ਗਿੱਲ, ਗੁਰਮੇਜ ਮੇਹਲੀ, ਬਲਵਿੰਦਰ ਬਿੰਦਾ, ਮਨੀ ਮਾਨ, ਕਮਲ ਕਟਾਣੀਆ, ਰਣਜੀਤ ਰਾਣਾ, ਬਲਜਿੰਦਰ ਰਿੰਪੀ ਅਤੇ ਜਮੀਲ ਅਖ਼ਤਰ ਆਦਿ ਹਾਜਰ ਸਨ।