* ਕਿਹਾ – ਮੋਦੀ ਸਰਕਾਰ ਦੀ ਤਾਨਾਸ਼ਾਹੀ ਦੇਸ਼ ਬਰਦਾਸ਼ਤ ਨਹੀਂ ਕਰੇਗਾ
ਫਗਵਾੜਾ( ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਹਲਕਾ ਵਿਧਾਨਸਭਾ ਫਗਵਾੜਾ ਦੇ ਸਮੂਹ ਪੰਜਾਬੀਆਂ ਨੂੰ ਅਤੇ ਖਾਸ ਤੌਰ ਤੇ ਪੇਂਡੂ ਪਿਛਕੋੜ ਰੱਖਣ ਵਾਲੇ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਨਾਗਰਿਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਪੰਜਾਬ ਦੇ ਕਿਸਾਨ, ਕਿਸਾਨੀ ਅਤੇ ਸੂਬੇ ਦੀ ਆਰਥਕਤਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਗਿਣਤੀ ‘ਚ 26 ਜਨਵਰੀ ਨੂੰ ਸਿੰਘੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾ ਵਲੋਂ ਐਲਾਨੀ ਟਰੈਕਟਰ ਪਰੇਡ ‘ਚ ਸ਼ਮੂਲੀਅਤ ਲਈ ਪਹੁੰਚਣ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾ ਪ੍ਰਤੀ ਜੋ ਰੁੱਖਾ ਰਵੱਈਆ ਅਖਤਿਆਰ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਇਹ ਦੇਸ਼ ਸਵੀਕਾਰ ਨਹੀਂ ਕਰੇਗਾ। ਅੱਜ ਪੰਜਾਬ ਹੀ ਨਹੀਂ ਬਲਕਿ ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਦੀ ਕਿਸਾਨਾ ਪ੍ਰਤੀ ਬੇਰੁਖੀ ਨੂੰ ਦੇਖ ਰਿਹਾ ਹੈ। ਦੇਸ਼ ਦਾ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ਉਪਰ ਮੋਰਚਾ ਲਗਾ ਕੇ ਬੈਠਾ ਹੈ। ਅੰਦੋਲਨਕਾਰੀਆਂ ਵਿਚ ਛੋਟੇ ਬੱਚੇ, ਔਰਤਾਂ ਅਤੇ ਬਜੁਰਗ ਵੀ ਵੱਡੀ ਗਿਣਤੀ ਵਿਚ ਸ਼ਾਮਲ ਹਨ ਜੋ ਕਿਸਾਨ ਅਤੇ ਕਿਸਾਨੀ ਦੇ ਹੱਕਾਂ ਲਈ ਆਰ-ਪਾਰ ਦਾ ਇਰਾਦਾ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ। ਜਦੋਂ ਤੱਕ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਕਰੇਗੀ ਇਹ ਕਿਸਾਨ ਘਰ ਵਾਪਸ ਨਹੀਂ ਪਰਤਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬੀ ਇਕ ਅਣਖੀਲੀ ਕੌਮ ਹੈ ਜੋ ਨਾ ਜਬਰ ਕਰਦੀ ਹੈ ਤੇ ਨਾ ਹੀ ਜਬਰ ਬਰਦਾਸ਼ਤ ਕਰਦੀ ਹੈ। ਇਸ ਲਈ ਬਿਹਤਰ ਹੋਵੇਗਾ ਕਿ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ 26 ਜਨਵਰੀ ਤੋਂ ਪਹਿਲਾਂ ਵਾਪਸ ਲੈਣ ਦਾ ਐਲਾਨ ਹੋਵੇ ਅਤੇ ਸੁਖਾਵੇਂ ਮਾਹੌਲ ਵਿਚ ਅੰਦੋਲਨਕਾਰੀ ਕਿਸਾਨ ਆਪਣੇ ਘਰਾਂ ਨੂੰ ਵਾਪਸੀ ਕਰਨ। ਇਸ ਦੌਰਾਨ ਉਹਨਾਂ ਸਿੰਘੂ ਬਾਰਡਰ ਤੇ ਆਉਣ-ਜਾਣ ਵਾਲੀ ਸੰਗਤ ਅਤੇ ਕਿਸਾਨਾ ਲਈ ਦਿਨ ਰਾਤ ਲੰਗਰ ਦੀ ਸੇਵਾ ਵਰਤਾਉਣ ਵਾਲੀਆਂ ਜੱਥੇਬੰਦੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।