(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,ਦੇਸ਼ ਵਿੱਚ ਕਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਤਿਆਰੀਆਂ ਤੇਜ਼ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ’ਚ ਕਰੋਨਾ ਵਾਇਰਸ ਸਬੰਧੀ ਜਾਗਰੂਕਤਾ ਵਧਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ।
ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਾਹਕੋਟ ਵਿਖੇ ਚੱਲ ਰਹੀ ਸਿਖਲਾਈ ਦੌਰਾਨ ਬੀਈਈ ਚੰਦਨ ਮਿਸ਼ਰਾ ਨੇ ਪੰਚਾਂ-ਸਰਪੰਚਾਂ ਨੂੰ ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਭਾਰਤ ਵਿੱਚ ਉਨ੍ਹਾਂ ਲੋਕਾਂ ਵਿੱਚ ਹੀ ਕਰੋਨਾ ਦੇ ਵਾਇਰਸ ਦੇਖੇ ਗਏ ਹਨ, ਜੋ ਵਿਦੇਸ਼ ਤੋਂ ਭਾਰਤ ਆਏ ਸਨ ਜਾਂ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਏ ਹਨ। ਇਸ ਲਈ ਜੇਕਰ ਅਜਿਹੇ ਕਿਸੇ ਵਿਅਕਤੀ ਵਿੱਚ ਫਲੂ ਵਰਗੇ ਲੱਛਣ ਦਿਖਾਈ ਦੇਣ, ਤਾਂ ਉਹ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ, ਤਾਂ ਜੋ ਮੌਕੇ ਸਿਰ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸੁੱਕੀ ਖੰਗ, ਸਾਹ ਲੈਣ ਵਿੱਚ ਤਕਲੀਫ ਵਰਗੀਆਂ ਪਰੇਸ਼ਾਨੀਆਂ ਹੋਣ, ਤਾਂ ਉਸਨੂੰ ਇਲਾਜ ਸ਼ੁਰੂ ਕੀਤੇ ਜਾਣ ਤੱਕ ਜਨਤਕ ਸਥਾਨਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਆਮ ਲੋਕਾਂ ਨੂੰ ਵੀ ਜਿੰਨਾਂ ਸੰਭਵ ਹੋ ਸਕੇ, ਭੀੜਭਾੜ ਵਾਲੀਆਂ ਥਾਵਾਂ ਤੇ ਜਾਣ ਅਤੇ ਸਫਰ ਕਰਨ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਾਇਰਸ ਤੋਂ ਬਚਾਅ ਲਈ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਦੀ ਲੋੜ ਹੈ। ਬਾਹਰੋਂ ਖਾਣ-ਪੀਣ ਦੀਆਂ ਚੀਜਾਂ ਨਾ ਖਾਣ। ਹੱਥਾਂ ਦੀ ਵੱਧ ਤੋਂ ਵੱਧ ਸਫਾਈ ਰੱਖਣ। ਆਪਣੇ ਮੁੰਹ ਜਾਂ ਨੱਕ ਨੂੰ ਵਾਰ-ਵਾਰ ਨਾ ਛੁੁਣ, ਕਿਉਂਕਿ ਵਾਇਰਸ ਮੂੰਹ ਤੇ ਨੱਕ ਰਾਹੀਂ ਹੀ ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਮੌਜੂਦ ਪੰਚਾਇਤ ਮੈਂਬਰਾਂ ਨੂੰ ਹੱਥ ਦੀ ਸਫਾਈ ਰੱਖਣ ਦੇ ਸਹੀ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ।