*ਜ਼ਿਲੇ ਦੇ ਸਮੂਹ ਪਿੰਡਾਂ ’ਚ ਪੰਚਾਂ-ਸਰਪੰਚਾਂ ਨੇ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਦਿੱਤਾ ਸੱਦਾ

ਫਗਵਾੜਾ (ਡਾ ਰਮਨ )
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭੇ ‘ਮਿਸ਼ਨ ਫ਼ਤਿਹ’ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲੇ ਦੇ ਸਮੂਹ ਪਿੰਡਾਂ ਵਿਚ ਸਰਪੰਚਾਂ ਅਤੇ ਪੰਚਾਂ ਦੇ ਸਹਿਯੋਗ ਨਾਲ ‘ਮਿਸ਼ਨ ਫ਼ਤਿਹ’ ਦੇ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਸਰਪੰਚਾਂ ਤੇ ਪੰਚਾਂ ਵੱਲੋਂ ਆਪੋ-ਆਪਣੇ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀਆਂ ਹਦਾਇਤਾਂ ’ਤੇ ਅੱਜ ਜ਼ਿਲੇ ਦੇ ਸਮੂਹ ਬਲਾਕਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ। ਉਨਾਂ ਦੱਸਿਆ ਕਿ ਇਸ ਦੌਰਾਨ ਸਰਪੰਚਾਂ, ਪੰਚਾਂ ਤੇ ਹੋਰਨਾਂ ਮੋਹਤਬਰਾਂ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ, ਮਾਸਕ ਲਗਾਉਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ। ਉਨਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਇਸ ਬਿਮਾਰੀ ’ਤੇ ਸਾਡੀ ਫ਼ਤਿਹ ਯਕੀਨੀ ਹੈ। ਸ. ਸੰਧੂ ਨੇ ਦੱਸਿਆ ਕਿ ਇਸ ਦੌਰਾਨ ਪ੍ਰਚਾਰ ਵਾਹਨਾਂ ਰਾਹੀਂ ਵੀ ਪਿੰਡਾਂ ਵਿਚ ਲੋਕਾ ਨੂੰ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਮਨਰੇਗਾ ਵਰਕਰਾਂ ਨੂੰ ਵੀ ਇਸ ਬਿਮਾਰੀ ਪ੍ਰਤੀ ਸੁਚੇਤ ਕਰਦਿਆਂ 6 ਗਜ਼ ਦੀ ਦੂਰੀ ਬਣਾ ਕੇ ਰੱਖਣ, ਮਾਸਕ ਜਾਂ ਕੱਪੜੇ ਨਾਲ ਆਪਣਾ ਨੱਕ-ਮੂੰਹ ਢੱਕ ਕੇ ਰੱਖਣ, ਆਪਣੇ ਬਰਤਨ ਇਕ-ਦੂਜੇ ਨਾਲ ਸਾਂਝੇ ਨਾ ਕਰਨ ਅਤੇ ਤੰਬਾਕੂ ਦੀ ਵਰਤੋਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਪੰਚਾਂ ਵੱਲੋਂ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਜ਼ਿਲੇ ਦੀਆਂ ਪੰਚਾਇਤਾਂ ਨੇ ਇਸ ਬਿਮਾਰੀ ਦੇ ਪਿੰਡਾਂ ਵਿਚ ਦਾਖ਼ਲੇ ਨੂੰ ਰੋਕਣ ਲਈ ਮਹੱਤਵਪੂਰਨ ਨਿਭਾਈ ਸੀ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਬੇਹੱਦ ਚੌਕਸੀ ਵਰਤੀ ਗਈ ਸੀ।