ਫਗਵਾੜਾ (ਡਾ ਰਮਨ)

ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਇੱਛਾ ਅਨੁਸਾਰ ਉਨਾਂ ਦੇ ਪਿੱਤਰੀ ਸੂਬਿਆਂ ਨੂੰ ਭੇਜੇ ਜਾਣ ਦੀ ਵਚਨਬੱਧਤਾ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਅਤੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ 1600 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਸ਼੍ਰਮਿਕ ਟਰੇਨ ਰਾਹੀਂ ਬਿਹਾਰ ਲਈ ਰਵਾਨਾ ਕੀਤਾ ਗਿਆ। ਇਨਾਂ ਵਿਚ ਕਪੂਰਥਲਾ ਜ਼ਿਲੇ ਤੋਂ ਇਲਾਵਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰਨਾਂ ਜ਼ਿਲਿਆਂ ਦੇ ਪ੍ਰਵਾਸੀ ਮਜ਼ਦੂਰ ਸ਼ਾਮਿਲ ਸਨ। ਸਾਰੇ ਮਜ਼ਦੂਰਾਂ ਨੂੰ ਰਿਫਰੈਸ਼ਮੈਂਟ, ਖਾਣਾ, ਪਾਣੀ, ਸਨੈਕਸ ਆਦਿ ਮੁਹੱਈਆ ਕਰਵਾਏ ਗਏ। ਇਸ ਤੋਂ ਪਹਿਲਾਂ ਮਜ਼ਦੂਰਾਂ ਨੂੰ ਕਪੂਰਥਲਾ ਅਤੇ ਹੋਰਨਾਂ ਜ਼ਿਲਿਆਂ ਤੋਂ ਬੱਸਾਂ ਰਾਹੀਂ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ ਅਤੇ ਮੈਡੀਕਲ ਟੀਮਾਂ ਵੱਲੋਂ ਉਨਾਂ ਦੀ ਸਕਰੀਨਿੰਗ ਕਰਨ ਦੇ ਨਾਲ-ਨਾਲ ਉਨਾਂ ਨੂੰ ਸਾਫ਼-ਸਫ਼ਾਈ, ਸਮਾਜਿਕ ਦੂਰੀ ਦੀ ਪਾਲਣਾ ਕਰਨ, ਮਾਸਕ ਲਗਾਉਣ ਅਤੇ ਹੋਰਨਾਂ ਸਿਹਤ ਸੁਰੱਖਿਆ ਉਪਾਵਾਂ ਤੋਂ ਜਾਣੂ ਕਰਵਾਇਆ ਗਿਆ। ਮਜ਼ਦੂਰਾਂ ਵੱਲੋਂ ਉਨਾਂ ਲਈ ਕੀਤੇ ਗਏ ਪ੍ਰਬੰਧਾਂ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਅਤੇ ਦੁਬਾਰਾ ਵਾਪਸ ਆਉਣ ਦਾ ਵਾਅਦਾ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਕਾਮਿਆਂ ਨੂੰ ਨਿਰਵਿਘਨ ਰੇਲ ਸਫ਼ਰ ਰਾਹੀਂ ਉਨਾਂ ਦੇ ਪਿੱਤਰੀ ਸੂਬਿਆਂ ਵਿਚ ਵਾਪਸ ਭੇਜਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਕਾਮਿਆਂ ਨੂੰ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁਫ਼ਤ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨਾਂ ਇਸ ਕੰਮ ਵਿਚ ਦਿਨ-ਰਾਤ ਲੱਗੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਐਨ. ਜੀ. ਓਜ਼ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ, ਤਹਿਸੀਲਦਾਰ ਕਪੂਰਥਲਾ ਸ. ਮਨਬੀਰ ਸਿੰਘ ਢਿੱਲੋਂ, ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਨਾਇਬ ਤਹਿਸੀਲਦਾਰ ਫਗਵਾੜਾ ਸ੍ਰੀ ਪਵਨ ਕੁਮਾਰ, ਨਾਇਬ ਤਹਿਸੀਲਦਾਰ ਕਪੂਰਥਲਾ ਸ੍ਰੀ ਗੁਰਸੇਵਕ ਚੰਦ, ਸ੍ਰੀ ਸਤਬੀਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।