* ਵਿਟਾਮਿਨ-ਸੀ, ਆਇਰਨ ਦੇ ਕੈਪਸੁਲ ਅਤੇ ਸੈਨੇਟਾਈਜਰ ਵੀ ਕੀਤੇ ਭੇਂਟ
* ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ (ਡਾ ਰਮਨ ) ਕੋਰੋਨਾ ਆਫਤ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਰੱਖਣ ਲਈ ਦਿਨ-ਰਾਤ ਡਿਉਟੀ ਕਰ ਰਹੇ ਫਗਵਾੜਾ ਪੁਲਿਸ ਦੇ ਜਵਾਨਾਂ ਲਈ ਅੱਜ ਵਾਹਿਦ-ਸੰਧਰ ਸ਼ੁਗਰ ਮਿਲ ਦੇ ਮੈਨੇਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੰਧਰ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਬ੍ਰਿਟੇਨ ਨਿਵਾਸੀ ਸੁਰਜੀਤ ਸਿੰਘ ਪੁਰੇਵਾਲ ਅਤੇ ਤੀਰਥ ਸਿੰਘ ਕੁਲਾਰ ਨੇ ਸੈਨੀਟਾਇਜਰ ਅਤੇ ਵਿਟਾਮਿਨ-ਸੀ ਤੇ ਆਇਰਨ ਦੇ ਕੈਪਸੁਲ ਭੇਂਟ ਕੀਤੇ ਤਾਂ ਜੋ ਮੁਲਾਜਮਾ ਦੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਵਾਧੂ ਸ਼ਕਤੀ ਪ੍ਰਾਪਤ ਹੋ ਸਕੇ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਲਗਾਉਣ ਲਈ 15 ਪੋਰਟੇਬਲ ਸੀ.ਸੀ.ਟੀ.ਵੀ. ਕੈਮਰੇ ਵੀ ਭੇਂਟ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਜੂਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਹਰ ਔਖੀ ਘੜੀ ਵਿਚ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਮੋਢੇ-ਨਾਲ ਮੋਢਾ ਜੋੜ ਕੇ ਖੜੇ ਹੁੰਦੇ ਹਨ। ਉਹਨਾਂ ਵਲੋਂ ਕੀਤਾ ਗਿਆ ਇਹ ਸ਼ਲਾਘਾਯੋਗ ਉਪਰਾਲਾ ਪੁਲਿਸ ਮੁਲਾਜਮਾ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨਾਲ ਹੀ ਹੌਸਲਾ ਅਫਜਾਈ ਵੀ ਕਰੇਗਾ। ਇਸ ਦੌਰਾਨ ਏ.ਡੀ.ਸੀ. ਰਾਜੀਵ ਵਰਮਾ, ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਅਤੇ ਡੀ.ਐਸ.ਪੀ. ਸੁਰਿੰਦਰ ਚਾਂਦ ਨੇ ਵੀ ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ, ਅਸ਼ੋਕ ਪਰਾਸ਼ਰ, ਸੁਨੀਲ ਪਰਾਸ਼ਰ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਅਗਮ ਪਰਾਸ਼ਰ ਆਦਿ ਹਾਜਰ ਸਨ।