Home Punjabi-News ਪ੍ਰਦੂਸ਼ਣ ਸਮੱਸਿਆ ਤੇ ਲੋਕ ਮਸਲਿਆਂ ਨੂੰ ਲੈ ਕੇ ਗ੍ਰਾਮ ਪੰਚਾਇਤਾ ਨੇ ਮਿੱਲ...

ਪ੍ਰਦੂਸ਼ਣ ਸਮੱਸਿਆ ਤੇ ਲੋਕ ਮਸਲਿਆਂ ਨੂੰ ਲੈ ਕੇ ਗ੍ਰਾਮ ਪੰਚਾਇਤਾ ਨੇ ਮਿੱਲ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ

ਚੌਂਕ ਮਹਿਤਾ,10ਜੂਨ(ਬਲਜਿੰਦਰ ਸਿੰਘ ਰੰਧਾਵਾ)- ਬੁੱਟਰ ਸਿਵੀਆਂ ਸਥਿਤ ਰਾਣਾ ਸ਼ੂਗਰਜ਼ ਤੋਂ ਉੱਡਦੀ ਸੁਆਹ , ਜਿਆਦਾ ਭਾਰੀ ਆਵਾਜਾਈ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਆ ਰਹੀ ਤੰਗੀ ਤੇ ਪ੍ਰਦੂਸ਼ਿਤ ਪਾਣੀ ਆਦਿ ਕਾਰਨ ਮਿੱਲ ਦੇ ਆਸ ਪਾਸ ਦੇ ਕਈ ਪਿੰਡਾਂ ਨੂੰ ਲੰਬੇ ਸਮੇਂ ਤੋਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਿਸਨੂੰ ਲੈ ਕੇ ਅੱਜ ਵੱਖ ਵੱਖ ਗ੍ਰਾਮ ਪੰਚਾਇਤਾਂ ਵੱਲੋਂ ਮਿੱਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ ਤੇ ਪ੍ਰਦੂਸ਼ਤ ਕਾਰਨ ਆ ਰਹੀਆਂ ਸਿਹਤ ਸਮੱਸਿਆਂਵਾਂ ਤੇ ਹੋਰ ਮਸਲਿਆਂ ਤੋਂ ਜਾਣੂ ਕਰਾਇਆ ਗਿਆ।ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਵੱਲੋਂ ਪ੍ਰਬੰਧਕਾਂ ਅੱਗੇ ਸਭਤੋਂ ਪਹਿਲਾਂ ਮਿੱਲ ‘ਚੋਂ ਨਿਕਲਦੀ ਸੁਆਹ ਦੀ ਸਮੱਸਿਆ ਰੱਖੀ ਗਈ,ਜਿਸ ਨਾਲ ਲੋਕਾਂ ਦਾ ਰਹਿਣਾ ਸਹਿਣਾ ਹੀ ਮੁਸ਼ਕਿਲ ਨਹੀਂ ਹੋਇਆ ਪਿਆ ਸਗੋਂ ਹਵਾ ‘ਚ ਮਿਲੀ ਇਹ ਸੁਆਹ ਲੋਕਾਂ ਦੀ ਅੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈ ।ਲੋਕਾਂ ਮੁਤਾਬਿਕ ਇਹ ਸੁਆਹ ਦੀ ਮਿਕਦਾਰ ਬਹੁਤ ਜ਼ਿਆਦਾ ਹੈ ਤੇ ਇਸਦੀ ਮਾਰ ਵੀ ਕਈ ਕਿਲੋਮੀਟਰ ਦੇ ਘੇਰੇ ਤੱਕ ਪੈ ਰਹੀ ਹੈ,ਜਿਸ ਕਾਰਨ ਇਸਦਾ ਮਨੁੱਖੀ ਜੀਵਨ ਤੋਂ ਇਲਾਵਾ ਪਸ਼ੁ-ਪੰਛੀ ਤੇ ਫਸਲਾਂ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।ਇਸ ਸੁਆਹ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਰਹੀ ਹੈ ਤੇ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਉਸ ਵੇਲੇ ਬਣਦੀ ਹੈ ਜਦ ਇਹ ਕਿਸੇ ਬੱਚੇ,ਬਜ਼ੁਰਗ ਜਾਂ ਨੌਜਵਾਨ ਦੀ ਅੱਖ ‘ਚ ਪੈਂਦੀ ਹੈ।ਦੂਸਰੀ ਸਮੱਸਿਆ ਪਾਣੀ ਨੂੰ ਸਾਫ ਰੱਖਣ ਦੀ ਸੀ ਤਾਂ ਜੋ ਲੋਕਾਂ ਨੂੰ ਸਾਫ-ਸੁੱਥਰਾ ਪਾਣੀ ਪੀਣ ਲਈ ਮੁਹੱਈਆ ਹੋ ਸਕੇ।ਦੋਸ਼ ਹੈ ਕਿ ਮਿੱਲ ਆਪਣਾ ਸਾਰਾ ਗੰਦਾ ਪਾਣੀ ਬੋਰਿੰਗ ਰਾਹੀਂ ਜ਼ਮੀਨ ‘ਚ ਖਪਾ ਰਹੀ ਹੈ,ਜਿਸ ਕਾਰਨ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਾ ਹੈ ਤੇ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ,ਜਿਸ ਕਾਰਨ ਉਹ ਕਈ ਨਾ-ਮੁਰਾਦ ਬੀਮਾਰੀਆ ਦਾ ਸ਼ਿਕਾਰ ਹੋ ਰਹੇ ਹਨ। ਤੀਸਰੀ ਸਮੱਸਿਆ ਪਿੰਡ ਬੁੱਟਰ ਨੂੰ ਜਾਂਦੇ ਰਸਤੇ ਨੂੰ ਲੈ ਕੇ ਸਾਂਝੀ ਕੀਤੀ ਗਈ,ਜਿਸਦੀ ਮਿੱਲ ਨੂੰ ਆਉਂਦੀ ਜਾਂਦੀ ਭਾਰੀ ਆਵਾਜਾਈ ਕਾਰਨ ਬੁਰੀ ਹਾਲਤ ਹੋ ਚੁੱਕੀ ਹੈ।ਇਸ ਰਸਤੇ ਤੋਂ ਆਮ ਲੋਕਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਇਸ ਰਸਤੇ ਤੋਂ ਭਾਰੀ ਆਵਾਜਾਈ ਘਟਾਉਣ ਤੇ ਸੜਕ ਨੂੰ ਜਲਦੀ ਠੀਕ ਕਰਾਉਣ ਦੀ ਗੱਲ ਰੱਖੀ ਗਈ।ਅਖੀਰ ‘ਚ ਸਮੂਹ ਗ੍ਰਾਮ ਪੰਚਾਇਤਾਂ ਨੇ ਮਿੱਲ ਵੱਲੋਂ ਲਗਾਏ ਜਾ ਰਹੇ ਈਥੋਨਲ ਦੇ ਨਵੇਂ ਪ੍ਰਜੈਕਟ ਬਾਰੇ ਵੀ ਗੱਲਬਾਤ ਕੀਤੀ ਤੇ ਬਹੁਤ ਸਾਰੇ ਸ਼ੰਕੇ ਜ਼ਾਹਿਰ ਕਰਦੇ ਹੋਏ ਚਿੰਤਾ ਪ੍ਰਗਟਾਈ ਕਿ ਇਹ ਪ੍ਰੋਜੈਕਟ ਜਨਜੀਵਨ ਤੇ ਵਾਤਾਵਾਰਣ ਲਈ ਹੋਰ ਗੰਭੀਰ ਸਮੱਸਿਆਵਾਂ ਪੈਦਾ ਕਰੇਗਾ।ਇਸ ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਨੰਗਲੀ ਤੋਂ ਚੇਅਰਮੈਨ ਗੁਰਮੀਤ ਸਿੰਘ,ਗ੍ਰਾਮ ਪੰਚਾਇਤ ਮਹਿਤਾ ਤੋਂ ਸਰਪੰਚ ਕਸ਼ਮੀਰ ਸਿੰਘ ਕਾਲਾ,ਜੁਗਰਾਜ ਸਿੰਘ,ਗ੍ਰਾਮ ਪੰਚਾਇਤ ਚੌਂਕ ਮਹਿਤਾ ਤੋਂ ਸਰਪੰਚ ਹਰਜਿੰਦਰ ਸਿੰਘ ਜੱਜ ਤੇ ਪ੍ਰਧਾਨ ਅਜੀਤ ਸਿੰਘ,ਗ੍ਰਾਮ ਪੰਚਾਇਤ ਜਲਾਲ ਤੋਂ ਗੁਰਪ੍ਰੀਤ ਸਿੰਘ ਤੇ ਦਿਲਬਾਗ ਸਿੰਘ ,ਗ੍ਰਾਮ ਪੰਚਾਇਤ ਧਰਦਿਓ ਸਰਦਾਰਾਂ ਤੋਂ ਰਣਜੀਤ ਸਿੰਘ ਰਾਣਾ ਸ਼ਾਹ,ਗ੍ਰਾਮ ਪੰਚਾਇਤ ਕੁਹਾਟਵਿੰਡ ਤੋਂ ਹਰਜਿੰਦਰ ਸਿੰਘ ਰਾਜਾ,ਗ੍ਰਾਮ ਪੰਚਾਇਤ ਨੰਗਲੀ ਖੁਰਦ ਤੋਂ ਰਵਿੰਦਰਪਾਲ ਸਿੰਘ ਰੌਬੀ ਤੇ ਨਵੀਂ ਨੰਗਲੀ ਤੋਂ ਜਸਮੇਲ ਸਿੰਘ ਜੱਸਾ,ਗ੍ਰਾਮ ਪੰਚਾਇਤ ਰਜਧਾਨ ਤੋਂ ਡਾ. ਬਲਦੇਵ ਸਿੰਘ ਬੱਲ ਤੇ ਅਮਨ ਰਜਧਾਨ, ਗ੍ਰਾਮ ਪੰਚਾਇਤ ਨਿੱਕੇ ਬੁੱਟਰ ਤੋਂ ਸਰਪੰਚ ਧਰਮਿੰਦਰ ਸਿੰਘ ਤੇ ਇੰਦਰਜੀਤ ਸਿੰਘ ਬੁੱਟਰ, ਗ੍ਰਾਮ ਪੰਚਾਇਤ ਪੱਲ੍ਹਾ ਤੋਂ ਸਰਪੰਚ ਮਨਦੀਪ ਸਿੰਘ ਆਦਿ ਹਾਜ਼ਰ ਸਨ।ਸਮੂਹ ਗ੍ਰਾਮ ਪੰਚਾਇਤਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਜੁਆਬ ‘ਚ ਰਾਣਾ ਸ਼ੂਗਰਜ਼ ਲਿਮਟਿਡ ਦੇ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਿੱਲ ਵੱਲੋਂ ਆਮ ਲੋਕਾਂ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਪੈਦਾ ਕੀਤੀ ਜਾ ਰਹੀ।ਉਨ੍ਹਾਂ ਨੇ ਮਿੱਲ ਤੋਂ ਨਿਕਲ ਕੇ ਹਵਾ ‘ਚ ਉੱਡ ਰਹੀ ਸੁਆਹ ਬਾਰੇ ਬੋਲਦਿਆ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਇਹ ਮੁਸ਼ਕਿਲ ਆ ਰਹੀ ਹੈ,ਪਰ ਚੱਲਦੇ ਸੀਜ਼ਨ ‘ਚ ਮਿੱਲ ਬੰਦ ਕਰਕੇ ਥੋੜੇ ਸਮੇਂ ‘ਚ ਉਸਨੂੰ ਠੀਕ ਨਹੀਂ ਕੀਤਾ ਜਾ ਸਕਦਾ ।ਹੁਣ ਕੁਝ ਦਿਨਾਂ ਤੱਕ ਮਿੱਲ ਬੰਦ ਹੋ ਜਾਣੀ ਹੈ,ਪਰ ਅਗਲੇ ਸਾਲ ਮਿੱਲ ਚਾਲੂ ਕਰਨ ਤੋਂ ਪਹਿਲਾਂ ਇਸ ਮਸ਼ੀਨਰੀ ਨੂੰ ਬਦਲ ਕੇ ਸੁਆਹ ਵਾਲੀ ਮੁਸ਼ਕਿਲ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਤੇ ਆਮ ਲੋਕਾਂ ਨੂੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਹੋਵੇਗੀ।ਦੂਸ਼ਿਤ ਪਾਣੀ ਕੀਤੇ ਜਾਣ ਦੇ ਦੋਸ਼ ਨੂੰ ਨਕਾਰਦਿਆਂ ਰਾਣਾ ਵੀਰ ਪ੍ਰਤਾਪ ਨੇ ਕਿਹਾ ਕਿ ਮਿੱਲ ਵੱਲੋਂ ਕਿਸੇ ਤਰ੍ਰਾਂ ਦਾ ਵੀ ਦੂਸ਼ਿਤ ਪਾਣੀ ਬੋਰਿੰਗ ਰਾਹੀਂ ਜ਼ਮੀਨ ‘ਚ ਨਹੀਂ ਭੇਜਿਆ ਜਾ ਰਿਹਾ।ਪਰ ਫਿਰ ਵੀ ਕਿਸੇ ਤਰ੍ਹਾਂ ਦੀ ਸ਼ੰਕਾਂ ਹੈ ਤਾਂ ਕੋਈ ਵੀ ਇਸ ਦਾ ਨਿਰੀਖਣ ਕਰ ਸਕਦਾ ਹੈ ਕਿ ਮਿੱਲ ਅੰਦਰ ਇਸ ਤਰ੍ਹਾਂ ਦੀ ਕੋਈ ਬੋਰਿੰਗ ਕੀਤੀ ਗਈ ਹੈ ਕਿ ਨਹੀਂ।ਖਰਾਬ ਰਸਤੇ ਨੂੰ ਲੈ ਕੇ ਉਨ੍ਹਾਂ ਨੇ ਪੰਚਾਇਤ ਦੀ ਹਰ ਪੱਖੋਂ ਪੂਰੀ ਮਦੱਦ ਕੀਤੇ ਜਾਣ ਦੀ ਗੱਲ ਕਹੀ।ਉਨ੍ਹਾਂ ਕਿਹਾ ਕਿ ਸਬੰਧੰਤ ਗ੍ਰਾਮ ਪੰਚਾਇਤ ਮਿੱਲ ਤੇ ਆਮ ਜਨਤਾ ਦੇ ਹਿੱਤਾਂ ਨੂੰ ਬਰਾਬਰ ਤੌਰ ‘ਤੇ ਸਾਹਮਣੇ ਰੱਖ ਕੇ ਇਸ ਮੁਸ਼ਕਿਲ ਦਾ ਜੋ ਢੁੱਕਵਾਂ ਹੱਲ ਕੱਢੇਗੀ,ਮਿੱਲ ਮੈਨੇਜਮੈਂਟ ਉਸ ਨਾਲ ਆਪਣੀ ਸਹਿਮਤੀ ਪ੍ਰਗਟਾਏਗੀ।ਅਖੀਰ ‘ਚ ਮਿੱਲ ਵੱਲੋਂ ਲਗਾਏ ਜਾ ਰਹੇ ਈਥੋਨੋਲ ਦੇ ਨਵੇਂ ਪ੍ਰੋਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਲਗਾਇਆ ਜਾ ਰਿਹਾ ਹੈ ਤੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਨਾਲ ਨਾ ਹੀ ਹਵਾ ਦੂਸ਼ਿਤ ਹੋਵੇਗੀ ਤੇ ਨਾ ਹੀ ਪਾਣੀ।ਇਸ ਪ੍ਰਜੈਕਟ ਨੂੰ ਲੋੜੀਂਦੇ 70-80 ਫੀਸਦੀ ਸ੍ਰੋਤ ਮਿੱਲ ਵੱਲੋਂ ਪਹਿਲਾਂ ਤੋਂ ਵਰਤੋਂ ‘ਚ ਲਿਆਂਦੇ ਜਾ ਰਹੇ ਹਨ,ਜਿੰਨ੍ਹਾਂ ਦੇ ਆਧਾਰ ‘ਤੇ ਇਹ ਕੰਮ ਕਰੇਗਾ।ਡਾਇਰੈਕਟਰ ਵੀਰ ਪ੍ਰਤਾਪ ਨੇ ਗ੍ਰਾਮ ਪੰਚਾਇਤਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਮਿੱਲ ਨੇ ਹਮੇਸ਼ਾਂ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ ।ਇਸ ਲਈ ਮੀਟਿੰਗ ਦੌਰਾਨ ਗ੍ਰਾਮ ਪੰਚਾਇਤਾਂ ਵੱਲੋਂ ਦੱਸੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਦਿੱਤਾ ਜਾਵੇਗਾ ।ਉਨਾਂ੍ਹ ਕਿਹਾ ਕਿ ਅੱਜ ਦੀ ਮੀਟਿੰਗ ਦੇ ਜਲਦ ਹੀ ਸਾਰਥਕ ਸਿੱਟੇ ਨਜ਼ਰ ਆਉਣਗੇ।