* ਆਫਤ ਦੇ ਸਮੇਂ ਟੈਕਸ ਘਟਾ ਕੇ ਰਾਹਤ ਦੇਣ ਦੀ ਕੀਤੀ ਮੰਗ
ਫਗਵਾੜਾ (ਡਾ ਰਮਨ ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਵਾਰ-ਵਾਰ ਹੋ ਰਹੇ ਵਾਧੇ ਨੂੰ ਦੇਸ਼ ਦੀ ਜਨਤਾ ਨਾਲ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਕੋਵਿਡ-19 ਆਫਤ ਸਮੇਂ ਜਿੱਥੇ ਲੋਕਾਂ ਨੂੰ ਭਾਰੀ ਆਰਥਕ ਤੰਗੀ ਵਿਚੋਂ ਗੁਜਰਨਾ ਪੈ ਰਿਹਾ ਹੈ ਅਤੇ ਲੋਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸੇ ਰਾਹਤ ਦੀ ਉਮੀਦ ਕਰ ਰਹੇ ਹਨ ਤਾਂ ਇਸ ਸਮੇਂ ਵਿਚ ਵੀ ਪੈਟਰੋਲ-ਅਤੇ ਡੀਜਲ ਦੀਆਂ ਕੀਮਤਾਂ ਵਧਾਉਣਾ ਸਰਾਸਰ ਅਨਿਆ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਕੋਵਿਡ-19 ਕੋਰੋਨਾ ਆਫਤ ਦੇ ਚਲਦਿਆਂ ਆਰਥਕ ਮੰਦੀ ਦੇ ਦੌਰ ਵਿਚੋਂ ਗੁਜਰ ਰਹੀ ਹੈ। ਅੰਤਰ ਰਾਸ਼ਟਰੀ ਬਾਜਾਰ ਵਿਚ ਕੱਚੇ ਤੇਲ ਦੀ ਮੰਗ ‘ਚ ਭਾਰੀ ਗਿਰਾਵਟ ਦੇ ਚਲਦਿਆਂ ਕਰੂਡ ਆਇਲ 40 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਵਿਕ ਰਿਹਾ ਹੈ ਪਰ ਮੋਦੀ ਸਰਕਾਰ ਨੇ ਪੈਟਰੋਲ ਉਪਰ 270 ਫੀਸਦੀ ਅਤੇ ਡੀਜਲ ਉਪਰ 256 ਫੀਸਦੀ ਟੈਕਸ ਲਗਾਇਆ ਹੋਇਆ ਹੈ ਜਿਸ ਕਰਕੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ। ਉਨ•ਾਂ ਕਿਹਾ ਕਿ ਪੈਟਰੋਲ ਅਤੇ ਡੀਜਲ ਮਹਿੰਗਾ ਹੋਣ ਦਾ ਸਬੰਧ ਸਿੱਧਾ ਮਹਿੰਗਾਈ ਨਾਲ ਹੈ ਕਿਉਂਕਿ ਇਸ ਨਾਲ ਟਰਾਂਸਪੋਰਟ ਮਹਿੰਗੀ ਹੁੰਦੀ ਹੈ ਅਤੇ ਜਦੋਂ ਟਰਾਂਸਪੋਰਟ ਮਹਿੰਗੀ ਹੋਵੇਗੀ ਤਾਂ ਰੋਜਾਨਾ ਵਰਤੋਂ ਵਾਲੀਆਂ ਜਰੂਰੀ ਵਸਤੁਆਂ ਦਾ ਮੁੱਲ ਵੀ ਵਧੇਗਾ ਅਤੇ ਇਹੋ ਵਜ•ਾ ਹੈ ਕਿ ਮਹਿੰਗਾਈ ਕਾਬੂ ਤੋਂ ਬਾਹਰ ਹੋ ਰਹੀ ਹੈ। ਸ੍ਰ. ਮਾਨ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜਲ ਉਪਰ ਵਸੂਲਿਆ ਜਾਣ ਵਾਲਾ ਭਾਰੀ ਭਰਕਮ ਟੈਕਸ ਅੱਧਾ ਕਰਕੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਰਾਹਤ ਦਿੱਤੀ ਜਾਵੇ।