* ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਲਈਆਂ ਜ਼ਮੀਨਾਂ ਵੇਚਣਾ ਕਿਸਾਨਾਂ ਅਤੇ ਕੰਮ ਕਰਦੇ ਮੁਲਾਜ਼ਮਾਂ ਨਾਲ਼ ਵੱਡਾ ਧੋਖਾ
ਫ਼ਗਵਾੜਾ ( ਡਾ ਰਮਨ )
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ, ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ,ਜਨਰਲ ਸਕੱਤਰ ਰਾਜਿੰਦਰ ਸ਼ਰਮਾ, ਵਿੱਤ ਸਕੱਤਰ ਕੁਲਦੀਪ ਸਿੰਘ ਕੌੜਾ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਕਰਨੈਲ ਫਿਲੌਰ, ਜਨਰਲ ਸਕੱਤਰ ਗਣੇਸ਼ ਭਗਤ,ਵਿੱਤ ਸਕੱਤਰ ਰਾਮਪਾਲ ਮਹੇ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਸੋਧ ਕਰਨ ਲਈ ਪੇ-ਕਮਿਸ਼ਨ ਦੀ ਉਮਰ 31 ਦਸੰਬਰ 2020 ਤੱਕ ਵਧਾਉਣ ਦੀ ਤਿੱਖੀ ਅਲੋਚਨਾ ਕਰਦਿਆਂ ਮੰਗ ਕੀਤੀ ਕਿ ਜੇ ਪੇ-ਕਮਿਸ਼ਨ ਸਮੇਂ ਸਿਰ ਰਿਪੋਰਟ ਨਹੀਂ ਦੇ ਸਕਦਾ ਤਾਂ ਇਸਨੂੰ ਬਰਤਰਫ਼ ਕਰਕੇ ਘਰ ਨੂੰ ਤੋਰਿਆ ਜਾਵੇ ਤਾਂ ਜੋ ਪੰਜਾਬ ਸਰਕਾਰ ਦੇ ਖਾਲੀ ਖ਼ਜ਼ਾਨੇ ਤੇ ਪਿਆ ਬੋਝ ਘਟ ਸਕੇ।ਬਿਆਨ ਨੂੰ ਅੱਗੇ ਜਾਰੀ ਰੱਖਦਿਆਂ ਸਿੱਖਿਆ ਵਿਭਾਗ ਵਿੱਚ ਟੀਚਰਾਂ ਦੀਆਂ ਨਿਯੁਕਤੀਆਂ ਲਈ ਟੈੱਟ ਪਾਸ ਉਮੀਦਵਾਰਾਂ ਦੀ ਮੈਰਿਟ ਬਣਾ ਕੇ ਨਿਯੁਕਤੀਆਂ ਤੁਰੰਤ ਕੀਤੀਆਂ ਜਾਣ।ਟੈੱਟ ਪਾਸ ਕਰਨ ਤੋਂ ਬਾਅਦ ਵਾਰ-ਵਾਰ ਹੋਰ ਟੈਸਟ ਲੈਣ ਦੀ ਆਗੂਆਂ ਨੇ ਜੋਰਦਾਰ ਨਿਖੇਧੀ ਕੀਤੀ।
ਇਸੇ ਦੌਰਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (J.P.M.O.) ਦੇ ਸੂਬਾ ਆਗੂ ਕੁਲਵੰਤ ਸਿੰਘ ਸੰਧੂ, ਜਲੰਧਰ ਦੇ ਆਗੂਆਂ ਹਰੀ ਮੁਨੀ ਸਿੰਘ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਤੀਰਥ ਸਿੰਘ ਬਾਸੀ, ਮਨਜਿੰਦਰ ਸਿੰਘ ਢੇਸੀ, ਤਰਸੇਮ ਲਾਲ ਰੇਲਵੇ ਅਜੇ ਫਿਲੌਰ ਨੇ ਜੋਰਦਾਰ ਵਿਰੋਧ ਦਰਜ਼ ਕਰਵਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਿਨ- ਰਾਤ ਲਗਾਤਾਰ ਵਾਧਾ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਵੀ ਪੈਟਰੋਲ ਅਤੇ ਡੀਜ਼ਲ ਤੇ ਭਾਰੀ ਟੈਕਸ ਲਗਾ ਕੇ ਆਪਣੇ ਚਹੇਤੇ ਮਿੱਤਰਾਂ ਅੰਬਾਨੀਆਂ ਅਡਾਨੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਆਮ ਲੋਕਾਂ ਅਤੇ ਪਹਿਲਾਂ ਹੀ ਘਾਟੇ ਵਿੱਚ ਜਾ ਰਹੀ ਕਿਸਾਨੀ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਆਗੂਆਂ ਨੇ ਜੋਰਦਾਰ ਢੰਗ ਨਾਲ਼ ਮੰਗ ਕੀਤੀ ਕਿ ਅੰਤਰਰਾਸ਼ਟਰੀ ਪੱਧਰ ਤੇ ਘਟੀਆ ਕੀਮਤਾਂ ਦੇ ਅਨੁਪਾਤ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ਅਤੇ ਕਿਸਾਨੀ ਨੂੰ ਤੁਰੰਤ ਰਾਹਤ ਦਿੱਤੀ ਜਾਵੇ। ਇਸੇ ਬਿਆਨ ਵਿੱਚ ਮੁਲਾਜ਼ਮ ਆਗੂਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਤਿੱਖੀ ਅਲੋਚਨਾ ਕੀਤੀ ਅਤੇ ਕਿਹਾ ਸਸਤੀ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਬੰਦ ਕਰਕੇ ਵੇਚਣ ਨਾਲ਼ ਸਿਰਫ਼ ਤੇ ਸਿਰਫ਼ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਹੀ ਲਾਭ ਹੋਵੇਗਾ ਜਿਹਨਾਂ ਤੋਂ ਮਹਿੰਗੇ ਭਾਅ ਬਿਜਲੀ ਖਰੀਦ ਕੇ ਅਤੇ ਅਗਾਂਹ ਆਮ ਲੋਕਾਂ ਨੂੰ ਹੋਰ ਮਹਿੰਗੀ ਵੇਚ ਕੇ ਲੁੱਟਿਆ ਜਾਵੇ ।ਇੱਥੋਂ ਇਹ ਵੀ ਵਰਨਣਯੋਗ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਨੂੰ ਜਿਤਾਓ, ਮੈਂ ਭਰੋਸਾ ਦਿੰਦਾ ਹਾਂ ਕਿ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਜ਼ਰੂਰ ਦਿਖਾਵਾਂਗਾ ਪਰ ਸਭ ਕੁੱਝ ਉਲਟ-ਪੁਲਟ ਹੋ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਿਜਲੀ ਬਿੱਲ 2020 ਅਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਜਾਰੀ ਕੀਤੇ ਆਰਡੀਨੈਂਸ ਵੀ ਤੁਰੰਤ ਰੱਦ ਕਰਨ ਦੀ ਜੋਰਦਾਰ ਢੰਗ ਨਾਲ਼ ਮੰਗ ਕੀਤੀ। ਬਠਿੰਡਾ ਥਰਮਲ ਪਲਾਂਟ ਨੂੰ ਬਚਾਉਣ ਅਤੇ ਹਜਾਰਾਂ ਮੁਲਾਜ਼ਮਾਂ ਦੇ ਰੋਜ਼ਗਾਰ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਸੂਬਾਈ ਲੀਡਰਸ਼ਿਪ ਵਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ, ਉਸ ਨੂੰ ਕਾਮਯਾਬ ਕਰਨ ਲਈ ਗੰਭੀਰਤਾ ਨਾਲ਼ ਯਤਨ ਕੀਤੇ ਜਾਣਗੇ ।