(ਸਾਹਬੀ ਦਾਸੀਕੇ)
ਸ਼ਾਹਕੋਟ, ਮਲਸੀਆਂ,ਕੋਰੋਨਾ ਵਾਇਰਸ ਕਾਰਨ ਕਰਫਿ਼ਊ ਦੇ ਚੱਲਦਿਆ ਸਬ ਡਵੀਜ਼ਨ ਸ਼ਾਹਕੋਟ ਵਿੱਚ ਪੁਲਿਸ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਦੇ ਬਾਵਜੂਦ ਲੋਕ ਕਰਫਿ਼ਊ ਦੀ ਪਾਲਣਾ ਨਹੀਂ ਕਰ ਰਹੇ। ਲੋਕਾਂ ਨੂੰ ਕਰਫਿ਼ਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ ਦੀ ਅਗਵਾਈ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਸ਼ਾਹਕੋਟ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਦੇ ਮਕਸਦ ਨਾਲ ਡਰੋਨ ਕੈਮਰੇ ਸ਼ੁਰੂ ਕੀਤੇ ਹਨ, ਜਿੰਨ੍ਹਾਂ ਰਾਹੀਂ ਪੁਲਿਸ ਵੱਲੋਂ ਸ਼ਹਿਰਾਂ ਤੇ ਪਿੰਡਾਂ ਦੀਆਂ ਗਲੀਆਂ-ਮੁਹੱਲਿਆਂ ‘ਚ ਦਿਨ-ਰਾਤ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਪਿਆਰਾ ਸਿੰਘ ਥਿੰਦ ਨੇ ਕਿਹਾ ਕਰਫਿ਼ਊ ਦੌਰਾਨ ਕਿਸੇ ਵੀ ਤਰਾਂ ਦੀ ਢਿੱਲ ਨਹੀਂ ਦਿੱਤੀ ਗਈ, ਪਰ ਲੋਕ ਆਏ ਦਿਨ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਉਨਾਂ ਕਿਹਾ ਕਿ ਕਰਫਿ਼ਊ ਦੌਰਾਨ ਕਿਸੇ ਵੀ ਤਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।