ਲੁਧਿਆਣਾ, 26 ਮਾਰਚ 2020 – ਪੰਜਾਬ ‘ਚ ਲੱਗੇ ਕਰਫਿਊ ਕਾਰਨ ਪੰਜਾਬ ਪੁਲਿਸ ਦੀ ਸਖ਼ਤੀ ਤੋਂ ਹੁਣ ਲੋਕ ਪ੍ਰੇਸ਼ਾਨ ਹੋਣ ਲੱਗੇ ਨੇ ਖਾਸ ਕਰਕੇ ਮੈਡੀਕਲ ਸੇਵਾਵਾਂ ਨਿਭਾ ਰਹੇ ਲੋਕ ਪੁਲਿਸ ਦੇ ਸਖ਼ਤ ਰਵੱਈਏ ਤੋਂ ਪ੍ਰੇਸ਼ਾਨ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਉਹ ਵੀ ਇਸ ਬਿਮਾਰੀ ਦੇ ਬਾਵਜੂਦ ਲੋਕਾਂ ਦੀ ਸੇਵਾ ਕਰ ਰਹੇ ਨੇ ਪਰ ਪੁਲਿਸ ਇਸ ਸੇਵਾ ‘ਚ ਅੜਿੱਕਾ ਬਣ ਕੇ ਉਨ੍ਹਾਂ ਨਾਲ ਬਦਸਲੂਕੀ ਕਰ ਰਹੀ ਹੈ।

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐੱਸ ਚਾਵਲਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਮਿਸਟਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਲੁਧਿਆਣਾ ਦੇ 2500 ਡਿਸਟ੍ਰੀਬਿਊਟਰ ਅਤੇ 400 ਤੋਂ ਵੱਧ ਰਿਟੇਲਰ ਲੋਕਾਂ ਦੀ ਸੇਵਾ ‘ਚ ਲੱਗੇ ਹੋਏ ਹਨ। ਉਨ੍ਹਾਂ ਨੂੰ ਡੋਰ ਟੂ ਡੋਰ ਦਵਾਈਆਂ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕਈਆਂ ਦੇ ਪਾਸ ਵੀ ਬਣਾਏ ਗਏ ਨੇ ਪਰ ਇਸ ਦੇ ਬਾਵਜੂਦ ਪੁਲਿਸ ਨਾਕਿਆਂ ‘ਤੇ ਰੋਕ ਕੇ ਉਨ੍ਹਾਂ ਨਾਲ ਬਦਸਲੂਕੀ ਕਰ ਰਹੀ ਹੈ। ਜੀਐੱਸ ਚਾਵਲਾ ਨੇ ਕਿਹਾ ਕਿ ਆਪਣੀ ਜਾਨ ਤੇ ਖੇਡ ਕੇ ਕੈਮਿਸਟ ਐਸੋਸੀਏਸ਼ਨ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਲੋਕ ਬੀਪੀ ਸ਼ੂਗਰ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਹਨ। ਉਹ ਘਰ ਘਰ ਤੱਕ ਦਵਾਈਆਂ ਪਹੁੰਚਾਉਣ ਲਈ ਉਹ ਵਚਨਬੱਧ ਹਨ ਪਰ ਪੁਲਿਸ ਨੂੰ ਲੱਗਦਾ ਹੈ ਕਿ ਸਿਰਫ ਉਹ ਹੀ ਲੋਕਾਂ ਦੀ ਸੇਵਾ ਕਰ ਰਹੇ ਹਨ। ਜੀਐੱਸ ਚਾਵਲਾ ਨੇ ਕਿਹਾ ਕਿ ਜੇਕਰ ਪੁਲਿਸ ਅਜਿਹਾ ਹੀ ਵਰਤਾਰਾ ਰੱਖੇਗੀ ਤਾਂ ਮਜਬੂਰਨ ਉਨ੍ਹਾਂ ਨੂੰ ਘਰੇ ਬੈਠਣਾ ਪਵੇਗਾ ਅਤੇ ਦਵਾਈਆਂ ਦੀ ਡਿਸਟਰੀਬਿਊਸ਼ਨ ਵੀ ਬੰਦ ਹੋ ਜਾਵੇਗੀ।