(ਰਿਪੋਰਟ ਅਸ਼ੋਕ ਲਾਲ)

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਉਹਨਾਂ ਦੇ ਸਾਥੀ ਨੰਬਰਦਾਰ ਸਾਹਿਬਾਨਾਂ ਨੇ ਪੀ.ਡਬਲਯੂ.ਡੀ ਵਿਭਾਗ ਦੀ ਲੋਕ ਮਾਰੂ ਨੀਤੀਆਂ ਤੋਂ ਅਤਿਅੰਤ ਦੁੱਖੀ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਉਹ 10 ਜਨਵਰੀ ਦਿਨ ਸ਼ੁਕਰਵਾਰ ਨੂੰ ਨੂਰਮਹਿਲ ਵਿਖੇ ਪੀ.ਡਬਲਯੂ.ਡੀ ਵਿਭਾਗ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੇ। ਲੋਕਾਂ ਦੇ ਜਜ਼ਬਾਤਾਂ ਅਤੇ ਜਾਨ-ਮਾਲ ਨਾਲ ਖੇਡਣਾ ਵਿਭਾਗ ਦਾ ਜੋ ਗੰਦਾ ਸੁਭਾਅ ਬਣ ਚੁੱਕਾ ਹੈ ਉਸਤੇ ਲਗਾਮ ਕੱਸਣਗੇ। ਰੋਜ਼ਾਨਾ ਲੋਕ ਕੜਕਦੀ ਠੰਡ ਵਿੱਚ ਟੁੱਟੀਆਂ-ਭੱਜੀਆਂ ਸੜਕਾਂ ਕਾਰਣ ਸੱਟਾਂ ਲਗਵਾਕੇ ਹਸਪਤਾਲ ਭਰਤੀ ਹੋ ਰਹੇ ਹਨ ਅਤੇ ਵਿਭਾਗ ਦੇ ਅਫ਼ਸਰ ਬੰਦ ਕਮਰਿਆਂ ਵਿੱਚ ਸਰਕਾਰੀ ਬੱਤੀ ਫੂਕ ਕੇ ਹੀਟਰਾਂ ਦਾ ਆਨੰਦ ਮਾਣ ਰਹੇ ਹਨ। ਵਿਭਾਗ ਦੇ ਅਫ਼ਸਰ ਹੀਟਰ ਛੱਡਕੇ ਹਸਪਤਾਲਾਂ ਵਿੱਚ ਪਹੁੰਚ ਕੇ ਉਹਨਾਂ ਮਰੀਜਾਂ ਦਾ ਪਤਾ ਲੈਣ ਜੋ ਟੁੱਟੀਆਂ-ਪੁੱਟੀਆਂ ਸੜਕਾਂ ਕਾਰਣ ਲੰਬੇ ਸਮੇਂ ਲਈ ਜ਼ੇਰੇ-ਇਲਾਜ਼ ਹਨ ਉਹਨਾਂ ਨੂੰ ਮੁਆਵਜ਼ਾ ਦੇਣ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਅਤੇ ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ ਨੇ ਵਿਭਾਗ ਦੀ ਮਾੜੀ ਕਾਰਜਗੁਜਾਰੀ ਪ੍ਰਤੀ ਲਾਹਨਤ ਪਾਉਂਦਿਆਂ ਕਿਹਾ ਕਿ ਨੂਰਮਹਿਲ-ਜਲੰਧਰ-ਤਲਵਣ ਸੜਕ ਨੂੰ ਵਿੱਚ ਵਿਚਾਲੇ ਛੱਡਿਆਂ “ਇੱਕ ਸਾਲ” ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਯੂਨੀਅਨ ਵੱਲੋਂ ਇਸ ਸੜਕ ਪ੍ਰਤੀ ਸੰਘਰਸ਼ ਕਰਦਿਆਂ ਸਵਾ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਲੋਕਾਂ ਪੱਲੇ ਸਿਵਾਏ ਗੱਡੀਆਂ ਅਤੇ ਹੱਡੀਆਂ-ਪਸਲੀਆਂ ਦੀ ਟੁੱਟ-ਭੱਜ ਤੋਂ ਇਲਾਵਾ ਕੁੱਝ ਹੋਰ ਨਹੀਂ ਪਿਆ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਫੰਡਾਂ ਦੇ ਖੁੱਲ੍ਹੇ ਖੱਫੇ ਵੀ ਜਾਰੀ ਹੋ ਚੁੱਕੇ ਹਨ ਫਿਰ ਵੀ ਵਿਭਾਗ ਸਰਕਾਰ ਨੂੰ ਬਦਨਾਮ ਕਰਨ ਲਈ ਵਚਨਬੱਧ ਹੋਇਆ ਜਾਪਦਾ ਹੈ। ਨੂਰਮਹਿਲ-ਤਲਵਣ ਵਾਲੀ ਨਵੀਂ ਬਣਾਈ ਸੜਕ ਵੀ 30 ਜਗ੍ਹਾ ਤੋਂ ਟੁੱਟ ਚੁੱਕੀ ਹੈ, ਨੰਬਰਦਾਰ ਯੂਨੀਅਨ ਨੇ ਇਸ ਸੜਕ ਵਿੱਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਨ ਸੰਬੰਧੀ ਡੀ.ਸੀ ਜਲੰਧਰ ਪਾਸ ਕੀਤੀ ਸ਼ਿਕਾਇਤ ਨੂੰ ਵੀ ਮੁੱਦਤਾਂ ਹੋ ਗਈਆਂ ਹਨ ਪਰ ਕਿਸੇ ਵੀ ਅਧਿਕਾਰੀ ਨੇ ਕੀਤੀ ਹੋਈ ਸ਼ਿਕਾਇਤ ਦਾ ਪੰਨਾ ਵੀ ਨਹੀਂ ਪਲਟਿਆ, ਫ਼ਿਰ ਘਪਲੇਬਾਜ਼ੀ ਕਰਨ ਵਾਲੇ ਕਾਲੇ ਅੰਗਰੇਜ਼ਾਂ ਦੇ ਹੌਂਸਲੇ ਬੁਲੰਦ ਕਿਉਂ ਨਾ ਹੋਣ ?

ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਲੋਕ ਹਿਤ ਨੂੰ ਮੁੱਖ ਰੱਖਦਿਆਂ ਮਿਤੀ 15-9-19 ਨੂੰ ਪੀ.ਡਬਲਯੂ.ਡੀ ਵਿਭਾਗ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਸੀ ਅਤੇ ਉਸਤੋਂ ਅਗਲੇ ਦਿਨ ਵਿਭਾਗ ਦੇ ਅਫ਼ਸਰ ਨੂਰਮਹਿਲ ਸ਼ਹਿਰ ਦੇ ਅੰਦਰ ਦੀਆਂ ਸੜਕਾਂ ਉੱਪਰ ਸਿਰਫ ਮਿੱਟੀ-ਵੱਟਾ ਪਾਕੇ ਡੂੰਘੇ-ਡੂੰਘੇ ਟੋਏ ਭਰਕੇ ਇਹ ਵਾਅਦਾ ਕਰਕੇ ਗਏ ਸੀ ਕਿ ਇੱਕ ਹਫ਼ਤੇ ਦੇ ਅੰਦਰ ਲੁੱਕ ਪਾਕੇ ਕੰਮ ਨੂੰ ਸੁਚੱਜੇ ਤਰੀਕੇ ਨਾਲ ਮੁਕੰਮਲ ਕਰਾਂਗੇ ਪਰ ਲੁੱਕ ਪਾਉਣੀ ਤਾਂ ਦੂਰ ਨੂਰਮਹਿਲ ਨਾਲ ਸੰਬੰਧਤ ਸੜਕਾਂ ਨੂੰ ਜੇ.ਸੀ.ਵੀ ਮਸ਼ੀਨਾਂ ਨਾਲ ਪੁੱਟਕੇ ਚਲਦੇ ਬਣੇ, ਮੁੜਕੇ ਕੋਈ ਸਾਰ ਨਹੀਂ ਲਈ, ਲੋਕ ਨਿੱਤ ਖੱਜਲ ਖੁਆਰ ਹੋ ਰਹੇ ਹਨ। ਨੰਬਰਦਾਰ ਸਾਹਿਬਾਨਾਂ ਨੇ ਕਿਹਾ ਕਿ ਜੇਕਰ ਸੜਕ ਬਣਾਉਣੀ ਨਹੀਂ ਸੀ ਫਿਰ ਪੁੱਟੀ ਕਿਉਂ ? ਨੰਬਰਦਾਰ ਸਾਹਿਬਾਨਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਜੇ ਵਾਅਦਾ ਕੀਤਾ ਸੀ ਤਾਂ ਨਿਭਾਉਣਾ ਕਿਸਨੇ ਸੀ ? ਲਿਹਾਜ਼ਾ ਨੰਬਰਦਾਰ ਸਾਹਿਬਾਨ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਹੋਰ ਉਸਾਰੂ ਸੋਚ ਵਾਲੀਆਂ ਜਥੇਬੰਦੀਆਂ ਲੋਕਾਂ ਨੂੰ ਨਿੱਤ ਨਵੀਆਂ ਘਟਨਾਵਾਂ ਤੋਂ ਰਾਹਤ ਦੇਣ ਅਤੇ ਸੁੱਤੇ ਪਏ ਵਿਭਾਗ ਨੂੰ ਜਗਾਉਣ ਖ਼ਾਤਿਰ 10 ਜਨਵਰੀ 2020 ਨੂੰ ਵਿਭਾਗ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੀਆਂ ਜੇਕਰ ਫ਼ਿਰ ਵੀ ਵਿਭਾਗ ਹਰਕਤ ਵਿੱਚ ਨਾ ਆਇਆ, ਸ਼ਹਿਰ ਦੀਆਂ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਸੜਕਾਂ ਨੂੰ ਫ਼ੌਰੀ ਤੌਰ ਤੇ ਠੀਕ ਨਾ ਕੀਤਾ ਗਿਆ ਤਾਂ ਫ਼ਿਰ 26 ਜਨਵਰੀ ਨੂੰ ਅਰਥੀ ਫੂਕ ਮੁਜ਼ਾਹਰਾ ਵੱਡੇ ਪੱਧਰ ਤੇ ਕੀਤਾ ਜਾਵੇਗਾ। ਵਿਭਾਗ ਨੂੰ ਜਤਾਇਆ ਜਾਵੇਗਾ ਕਿ ਲੋਕਤੰਤਰ ਦੀ ਪਰਿਭਾਸ਼ਾ ਕੀ ਹੁੰਦੀ ਹੈ ?

ਨੰਬਰਦਾਰ ਸਾਹਿਬਾਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਨਿੱਜੀ ਧਿਆਨ ਨੂਰਮਹਿਲ-ਫਿਲੌਰ-ਨਕੋਦਰ-ਜਲੰਧਰ ਸੜਕਾਂ ਵੱਲ ਕੇਂਦਰਿਤ ਕਰਨ ਅਤੇ ਇਹਨਾਂ ਸੜਕਾਂ ਪ੍ਰਤੀ ਅਣਗਹਿਲੀ ਕਰਨ ਵਾਲੇ ਅਫਸਰਾਂ ਖਿਲਾਫ਼ ਸਖ਼ਤ ਐਕਸ਼ਨ ਲੈ ਕੇ ਇਹਨਾਂ ਟੁੱਟੀਆਂ-ਪੁੱਟੀਆਂ, ਡੂੰਘੇ-ਡੂੰਘੇ ਟੋਇਆਂ ਵਾਲੀਆਂ ਸੜਕਾਂ ਤੋਂ ਡਿੱਗ ਕੇ ਜ਼ਖਮੀ ਹੋਏ ਲੋਕਾਂ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਐਕਟਿੰਗ ਜਨਰਲ ਸਕੱਤਰ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਯੂਨੀਅਨ ਗੁਰਮੇਲ ਚੰਦ ਮੱਟੂ ਨੂਰਮਹਿਲ, ਜ਼ੋਨ ਇੰਚਾਰਜ ਗੁਰਦੇਵ ਸਿੰਘ ਉਮਰਪੁਰ ਕਲਾਂ ਅਤੇ ਅਜੀਤ ਰਾਮ ਤਲਵਣ, ਗੁਰਦੇਵ ਸਿੰਘ ਨਾਗਰਾ, ਜਰਨੈਲ ਸਿੰਘ ਗ਼ਦਰਾ, ਤਰਸੇਮ ਲਾਲ ਉੱਪਲ ਖਾਲਸਾ, ਤੇਜਾ ਸਿੰਘ ਬਿਲਗਾ, ਸ਼ਿੰਗਾਰਾ ਸਿੰਘ ਸ਼ਾਦੀਪੁਰ, ਪਰਮਜੀਤ ਸਿੰਘ ਬਿਲਗਾ, ਦਲਜੀਤ ਸਿੰਘ ਭੱਲੋਵਾਲ, ਜਸਵੰਤ ਸਿੰਘ ਜੰਡਿਆਲਾ, ਸਰਵਣ ਰਾਮ ਨੱਥੇਵਾਲ, ਸੁਦਾਗਰ ਸਿੰਘ ਸੰਘੇ ਜਾਗੀਰ, ਪ੍ਰੇਮ ਨਾਥ ਖੋਖੇਵਾਲ ਤੋਂ ਇਲਾਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਮੀਤ ਪ੍ਰਧਾਨ ਹਰੀਸ਼ ਮੈਹਨ ਗੋਗਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਸੀਤਾ ਰਾਮ ਸੋਖਲ, ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ, ਕੋਆਰਡੀਨੇਟਰ ਦਿਨਕਰ ਸੰਧੂ ਤੋਂ ਇਲਾਵਾ ਯੂਨੀਅਨ ਦੇ ਹੋਰ ਨੰਬਰਦਾਰ ਸਾਹਿਬਾਨ ਵੀ ਮੌਜੂਦ ਸਨ ਜਿਨ੍ਹਾਂ ਨੇ ਨਕੋਦਰ ਬਾਈਪਾਸ ਨੂਰਮਹਿਲ-ਫਿਲੌਰ ਸੜਕ ਤੇ ਲੋਕ ਹਿਤ ਲਈ ਡੰਕਾ ਵਜਾਇਆ, ਪ੍ਰਦਰਸ਼ਨ ਕੀਤਾ।