ਫਗਵਾੜਾ(ਡਾ ਰਮਨ ) ਪੀਰੀਅਡਸ ਦੌਰਾਨ ਸਾਫ ਸਫਾਈ ਅਤੇ ਸਵੱਛਤਾ ਨੂੰ ਲੈ ਕੇ ਮਹਿਲਾਵਾਂ ਨੂੰ ਖਾਸ ਤੌਰ ਤੇ ਚੌਕਸ ਰਹਿਣ ਦੀ ਜਰੂਰਤ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਵਿਸ਼ਵ ਮੈਨਸਟਰੂਅਲ ਹਾਈਜੀਨ ਡੇ (ਵਿਸ਼ਵ ਮਾਸਿਕ ਸਵੱਛਤਾ ਦਿਵਸ) ਦੇ ਸੰਬੰਧ ਵਿੱਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਪੀਰੀਅਡਸ ਦੌਰਾਨ ਮਹਿਲਾਵਾਂ ਵੱਲੋਂ ਸਵੱਛਤਾ ਨੂੰ ਲੈ ਕੇ ਵਰਤੀ ਗਈ ਲਾਪਰਵਾਹੀ ਸਿਹਤ ਪੱਖੋਂ ਖਤਰਨਾਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲਾਪਰਵਾਹੀ ਕਈ ਤਰ੍ਹਾਂ ਦੇ ਇੰਨਫੈਕਸ਼ਨ ਨੂੰ ਜਨਮ ਦਿੰਦੀ ਹੈ ਜੋਕਿ ਬਾਂਝਪਨ ਦਾ ਕਾਰਣ ਬਣ ਸਕਦੀ ਹੈ।ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਣਾਉਣ ਦਾ ਉਦੇਸ਼ ਪੀਰੀਅਡਸ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ ਤੇ ਇਸ ਚੱਕਰ ਦੌਰਾਨ ਮਹਿਲਾਵਾਂ ਨੂੰ ਨਿੱਜੀ ਸਵੱਛਤਾ ਲਈ ਜਿਆਦਾ ਤੋਂ ਜਿਆਦਾ ਜਾਗਰੂਕ ਕਰਨਾ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਹ ਵੀ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਪੀਰੀਅਡਸ ਨੂੰ ਲੈ ਕੇ  ਅਕਸਰ ਕਿਸ਼ੋਰੀਆਂ ਅਤੇ ਮਹਿਲਾਵਾਂ ਖੁੱਲ ਕੇ ਗੱਲ ਨਹੀਂ ਕਰਦੀਆਂ ਜੋਕਿ ਗਲਤ ਹੈ। ਇਹੀ ਨਹੀਂ ਪੀਰੀਅਡਸ ਨੂੰ ਲੈ ਕੇ ਕਿਸ਼ੋਰੀਆਂ ਆਪਣੇ ਆਸ ਪਾਸ ਤੋਂ ਅਧੂਰੀ ਜਾਣਕਾਰੀ ਲੈਂਦੀਆਂ ਹਨ ਕਿਉਂਕਿ ਘਰਾਂ ਵਿੱਚ ਇਸ ਵਿਸ਼ੇ ਤੇ ਘਰ ਦੀਆਂ ਮਹਿਲਾਵਾਂ ਵੱਲੋਂ ਗੱਲ ਕਰਨ ਵਿੱਚ ਝਿਝਕ ਮਹਿਸੂਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵਿੱਚ ਪੀਰੀਅਡਸ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਜੋਕਿ ਉਸ ਨੂੰ ਭਵਿੱਖ ਵਿੱਚ ਮਾਂ ਬਣਨ ਦੀ ਦਾਤ ਬਖਸ਼ਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਚੱਲ ਰਹੇ ਉਮਂਗ ਕਲੀਨਿਕਾਂ ਵਿੱਚ ਕਿਸ਼ੋਰਅਵਸਥਾ ਵਿੱਚ ਕਿਸ਼ੋਰੀਆਂ ਵਿੱਚ ਆਉਣ ਵਾਲੇ ਬਦਲਾਆਂ ਬਾਰੇ ਮਾਹਰਾਂ ਵੱਲੋਂ ਕਾਊਂਸਲਿੰਗ ਕੀਤੀ ਜਾਂਦੀ ਹੈ ਤੇ ਇਸ ਵਿਸ਼ੇ ਤੇ ਜੇਕਰ ਕੋਈ ਸਲਾਹ ਲੈਣੀ ਚਾਹੇ ਤਾਂ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਟਾਪ ਦ ਸਪਾਟ ਸੰਸਥਾ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ, ਏ.ਐਨ.ਏਮਜ ਨੂੰ ਸੈਨੀਟਰੀ ਪੈਡਸ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ । ਉਨ੍ਹਾਂ ਸਲਾਹ ਦਿੱਤੀ ਕਿ ਪੀਰੀਅਡਸ ਦੌਰਾਨ ਸੈਨੀਟਰੀ ਨੈਪਕਿਨ ਨੂੰ 4 ਤੋਂ 6 ਘੰਟੇ ਦੇ ਵਿਚਕਾਰ ਬਦਲਿਆ ਜਾਏ, ਸੈਨੀਟਰੀ ਨੈਪਕਿਨ ਨੂੰ ਸਹੀ ਤਰੀਕੇ ਨਾਲ ਨਸ਼ਟ ਕੀਤਾ ਜਾਏ,ਨਿੱਜੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਏ।