* ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ
ਫਗਵਾੜਾ (ਡਾ ਰਮਨ ) ਫਗਵਾੜਾ ਤਹਿਸੀਲ ਦੇ ਪਿੰਡ ਵਾਹਦ ਵਿਖੇ ਮਕਬੂਜਾ ਆਦਿਧਰਮੀ ਜਮੀਨ ਉੱਪਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਬੁੱਤ ਲਗਾਉਣ ‘ਤੇ ਪਿੰਡ ਵਾਸੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਖਿਲਾਫ ਝੂਠਾ ਪਰਚਾ ਦਰਜ ਕਰਨ ਦਾ ਦੋਸ਼ ਲਾਉਂਦੇ ਹੋਏ ਅੰਬੇਡਕਰ ਸੈਨਾ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਪੁਲਿਸ ਕਾਰਵਾਈ ਦੀ ਨਖੇਦੀ ਕੀਤੀ ਅਤੇ ਨਾਲ ਹੀ ਮੰਗ ਕੀਤੀ ਕਿ ਤੁਰੰਤ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਉਕਤ ਜਮੀਨ ਦੇ ਕੇਸ ਦਾ ਫੈਸਲਾ ਸੈਸ਼ਨ ਕੋਰਟ ਵਲੋਂ ਪੰਚਾਇਤ ਦੇ ਹੱਕ ਵਿਚ ਕੀਤਾ ਜਾ ਚੁੱਕਾ ਹੈ ਅਤੇ ਪੰਚਾਇਤ ਨੇ ਇਸ ਜਗ੍ਹਾ ਉੱਪਰ ਧਰਮਸ਼ਾਲਾ ਬਨਾਉਣ ਦਾ ਮਤਾ ਪਾਇਆ ਸੀ ਪਰ ਮੋਜੂਦਾ ਸਰਪੰਚ ਨੇ ਧਰਮਸ਼ਾਲਾ ਦੀ ਉਸਾਰੀ ਲਈ ਯਤਨ ਨਹੀਂ ਕੀਤਾ। ਪੰਚਾਇਤ ਮੈਂਬਰਾਂ ਵਲੋਂ ਹੀ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਤਾ ਪਾ ਕੇ ਉੱਥੇ ਬਾਬਾ ਸਾਹਿਬ ਦਾ ਬੁੱਤ ਸਥਾਪਤ ਕੀਤਾ ਸੀ ਜਿਸਦੀ ਜਮੀਨ ਦੇ ਨਜਾਇਜ ਕਾਬਜਕਾਰਾਂ ਨੇ ਬੇਅਦਬੀ ਕੀਤੀ। ਜਿਸ ਤੋਂ ਬਾਅਦ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਦੁਬਾਰਾ ਉਸ ਜਗ੍ਹਾ ਤੇ ਬੁੱਤ ਸਥਾਪਤ ਕੀਤਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਇਕ ਤਰਫਾ ਕਾਰਵਾਈ ਕਰਦੇ ਹੋਏ ਸਿਆਸੀ ਦਬਾਅ ਹੇਠ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਬਾਬਾ ਸਾਹਿਬ ਦੇ ਪੈਰੋਕਾਰਾਂ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਜੋ ਸਰਾਸਰ ਅਨਿਆ ਹੈ। ਉਹਨਾਂ ਕਿਹਾ ਕਿ ਜੇਕਰ ਪਰਚਾ ਰੱਦ ਨਾ ਹੋਇਆ ਅਤੇ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਅੰਬੇਡਕਰ ਸੈਨਾ ਤਿੱਖਾ ਸੰਘਰਸ਼ ਕਰੇਗੀ।