* ਜੋਗਿੰਦਰ ਸਿੰਘ ਮਾਨ ਨੇ ਦਿੱਤਾ ਜਲਦੀ ਲਿਫਟਿੰਗ ਦਾ ਭਰੋਸਾ
ਫਗਵਾੜਾ ( ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਵਾਹਿਦ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਣਕ ਦੀ ਚਲ ਰਹੀ ਖਰੀਦ ਦੇ ਕੰਮ ਦਾ ਜਾਇਜਾ ਲਿਆ। ਇਸ ਮੌਕੇ ਆੜਤੀਆਂ ਅਤੇ ਕਿਸਾਨਾ ਨੇ ਕਣਕ ਦੀ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਨਾ ਹੋਣ ਦੀ ਗੱਲ ਕਹੀ। ਕਿਸਾਨਾ ਨੇ ਟੋਕਨ ਹਾਸਲ ਕਰਨ ਵਿਚ ਮੁਸ਼ਕਲ ਆਉਣ ਦੀ ਸ਼ਿਕਾਇਤ ਵੀ ਕੀਤੀ। ਇਸ ਤੋਂ ਇਲਾਵਾ ਮੰਡੀ ਵਿਚ ਟਾਇਲਟ-ਬਾਥਰੂਮ ਦੀ ਸਹੂਲਤ ਦਾ ਵੀ ਉਚਿਤ ਪ੍ਰਬੰਧ ਨਾ ਹੋਣ ਨਾਲ ਕਿਸਾਨਾ ਵਿਚ ਨਰਾਜਗੀ ਨਜਰ ਆਈ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਡੀ.ਐਫ.ਐਸ.ਓ. ਕਪੂਰਥਲਾ ਅਸ਼ੋਕ ਕੁਮਾਰ ਨਾਲ ਫੋਨ ਤੇ ਗੱਲ ਕੀਤੀ ਅਤੇ ਲਿਫਟਿੰਗ ਦੇ ਕੰਮ ਵਿਚ ਤੇਜੀ ਲਿਆਉਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਹਨਾਂ ਬਾਰਦਾਨੇ ਦੀ ਲੋੜ ਅਨੁਸਾਰ ਪੂਰਤੀ ਕਰਵਾਉਣ ਅਤੇ ਟੋਕਨ ਦੇਣ ਵਿਚ ਪਾਰਦਰਸ਼ਿਤਾ ਲਿਆਉਣ ਲਈ ਵੀ ਕਿਹਾ ਨਾਲ ਹੀ ਮੰਡੀ ਵਿਚ ਟਾਇਲਟ-ਬਾਥਰੂਮ ਅਤੇ ਪਾਣੀ ਆਦਿ ਦੀ ਉਚਿਤ ਵਿਵਸਥਾ ਕਰਨ ਲਈ ਹਦਾਇਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਦਿਨਾਂ ਦੀ ਬਰਸਾਤ ਦੀ ਵਜ੍ਹਾ ਨਾਲ ਲਿਫਟਿੰਗ ਦੀ ਰਫਤਾਰ ਘੱਟ ਸੀ ਪਰ ਹੁਣ ਜਲਦੀ ਹੀ ਸਾਰੀ ਖਰੀਦ ਹੋ ਚੁੱਕੀ ਕਣਕ ਦੀ ਲਿਫਟਿੰਗ ਦਾ ਕੰਮ ਜਲਦੀ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਸਤਪਾਲ ਸਿੰਘ ਸਰਪੰਚ ਵਾਹਦ, ਹਰਦੀਪ ਸਿੰਘ, ਜਸਕਰਨ ਸਿੰਘ, ਬਿੱਟੂ ਘੁੰਮਣ ਸਰਪੰਚ, ਮਹਿੰਦਰ ਸਿੰਘ ਸੈਕਟਰੀ ਮਲਕਪੁਰ, ਪ੍ਰਿਤਪਾਲ ਸਿੰਘ ਭ੍ਰਮਪੁਰ, ਹਰਜਿੰਦਰ ਸਿੰਘ ਫੋਜੀ, ਦਵਿੰਦਰ ਸਿੰਘ ਵਾਹਿਦ, ਪਿੰਦਰ ਆਦਿ ਹਾਜਰ ਸਨ।