ਫਗਵਾੜਾ, 4 ਮਾਰਚ ( ਡਾ ਰਮਨ /ਅਜੇ ਕੋਛੜ )

ਬਲਾਕ ਫਗਵਾੜਾ ਦੇ ਪਿੰਡ ਨਾਰੰਗਸ਼ਾਹਪੁਰ ਵਿਖੇ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਫੌਜੀ ਅਤੇ ਉਨ੍ਹਾਂ ਦੀ ਪੰਚਾਇਤ ਵੱਲੋਂ ਪਿੰਡ ਦੀ ਬਿਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਉਪਰਾਲਿਆਂ ਦੀ ਲੜੀ ਵਿੱਚ ਵਾਧਾ ਕਰਦਿਆਂ ਪਿੰਡ ਦੀਆਂ ਫਿਰਨੀਆਂ ਅਤੇ ਖਾਸ ਥਾਵਾਂ ਤੇ 10 ਦੇ ਕਰੀਬ ਧੁੱਪ ਨਾਲ ਚਾਰਜ ਹੁੰਦੀਆਂ ਸੋਲਰ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ। ਇਸ ਮੌਕੇ ਸਰਪੰਚ ਰਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਸਾਡੀ ਪੰਚਾਇਤ ਵੱਲੋਂ ਪਹਿਲਾਂ ਪਿੰਡ ਵਿੱਚ ਇੰਟਰਲੋਕ ਗਲੀਆਂ, ਨਾਲੀਆਂ, ਸੀ.ਸੀ.ਟੀ.ਵੀ. ਕੈਮਰੇ ਆਦਿ ਲਗਾਉਣ ਦਾ ਕੰਮ ਕੀਤਾ ਗਿਆ ਸੀ ਅਤੇ ਹੁਣ ਪਿੰਡ ਦੀਆਂ ਗਲੀਆਂ, ਫਿਰਨੀਆਂ ਅਤੇ ਖਾਸ ਥਾਵਾਂ ਤੇ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਸਟ੍ਰੀਟ ਲਾਈਟਾਂ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ ਜਿਨ੍ਹਾਂ ਕਰਕੇ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਧਾਲੀਵਾਲ ਨੂੰ ਅਪੀਲ ਕੀਤੀ ਕਿ ਉਹ ਸਾਡੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਛੱਪੜਾਂ ਦੀ ਸਫਾਈ ਲਈ ਸਾਨੂੰ ਮਦਦ ਕਰਨ ਤਾਂ ਜੋ ਸਾਡੇ ਪਿੰਡ ਦੇ ਵਸਨੀਕ ਬਰਸਾਤ ਦੇ ਦਿਨਾਂ ਵਿੱਚ ਗੰਦੇ ਪਾਣੀ ਤੋਂ ਜਿੱਥੇ ਨਿਜਾਤ ਪਾਉਣ ਉੱਥੇ ਹੀ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਖਤਰੇ ਤੋਂ ਵੀ ਬਚੇ ਰਹਿਣ। ਇਸ ਮੌਕੇ ਪੰਚ ਬਲਦੇਵ ਸਿੰਘ,ਪੰਚ ਗੁਰਪ੍ਰੀਤ ਕੋਰ, ਪੰਚ ਗੁਰਦੀਪ ਕੋਰ, ਨੰਬਰਦਾਰ ਝਲਮਣ ਸਿੰਘ, ਗੁਰੂਘਰ ਦੇ ਸੀਨੀਅਰ ਪ੍ਰਧਾਨ ਬਾਬਾ ਸੰਤਾਂ ਸਿੰਘ, ਬਾਬਾ ਗੁਰਸ਼ਰਨ ਸਿੰਘ, ਸਰਵਪ੍ਰੀਤ ਸਿੰਘ ਪ੍ਰਿੰਸ, ਪ੍ਰਧਾਨ ਚੂੜ੍ਹ ਸਿੰਘ, ਸਕੱਤਰ ਫੌਜਾ ਸਿੰਘ, ਭਾਈ ਊਧਮ ਸਿੰਘ, ਆਦਿ ਹਾਜਰ ਸਨ
ਤਸਵੀਰ 001