* ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੈ ਅਜੋਕੀ ਨੌਜਵਾਨ ਪੀੜ੍ਹੀ – ਸੰਤੋਸ਼ ਗੋਗੀ
ਫਗਵਾੜਾ (ਡਾ ਰਮਨ ) ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਢੱਕ ਪੰਡੋਰੀ ਵਿਖੇ ਨੌਜਵਾਨਾਂ ਵਲੋਂ ਰਵਾਇਤੀ ਪਾਰਟੀਆਂ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਕੀਤੇ ਐਲਾਨ ਨਾਲ ਆਪ ਨੂੰ ਇੱਥੇ ਭਾਰੀ ਮਜਬੂਤੀ ਮਿਲੀ। ਇਹਨਾ ਨੌਜਵਾਨਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨੋਜਵਾਨ ਪੀੜ੍ਹੀ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹਨ ਕਿਉਂਕਿ ਨਸ਼ਿਆਂ ਦਾ ਦਰਿਆ ਅੱਜ ਕਾਂਗਰਸ ਦੇ ਰਾਜ ਵਿਚ ਵੀ ਉਸੇ ਤਰ੍ਹਾਂ ਵੱਗ ਰਿਹਾ ਹੈ ਜਿਸ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਦੇ ਰਾਜ ਵਿਚ ਵੱਗਦਾ ਸੀ। ਰੁਜਗਾਰ ਦੇ ਮੌਕੇ ਨਾ ਤਾਂ ਅਕਾਲੀਆਂ ਨੇ ਮੁਹੱਈਆ ਕਰਵਾਏ ਅਤੇ ਨਾ ਹੀ ਕੈਪਟਨ ਸਰਕਾਰ ਆਪਣੇ ਵਾਅਦੇ ਨੂੰ ਨਿਭਾ ਸਕੀ। ਨੌਜਵਾਨਾ ਦੀ ਤ੍ਰਾਸਦੀ ਹੈ ਕਿ ਐਮ.ਬੀ.ਏ., ਬੀ.ਕਾਮ, ਬੀ.ਐਡ ਪਾਸ ਨੌਜਵਾਨ ਖੇਤਾਂ ਵਿਚ ਝੋਨਾ ਅਤੇ ਕਣਕ ਦੀ ਬਿਜਾਈ ਕਰਨ ਲਈ ਮਜਬੂਰ ਹੈ। ਜੇਕਰ ਕੋਈ ਨੌਕਰੀ ਮੰਗਣ ਲਈ ਸੰਘਰਸ਼ ਕਰਦਾ ਹੈ ਤਾਂ ਸਰਕਾਰ ਡਾਂਗਾ ਵਰਾਉਂਦੀ ਹੈ। ਲੀਡਰਾਂ ਦੇ ਆਪਣੇ ਬੱਚੇ ਜਾਂ ਸਿਆਸਤ ਵਿਚ ਸੈਟਲ ਹਨ ਤੇ ਜਾਂ ਸਰਕਾਰੀ ਨੌਕਰੀਆਂ ‘ਚ ਉੱਚ ਅਹੁਦਿਆਂ ਤੇ ਵਿਰਾਜਮਾਨ ਹਨ। ਨੌਜਵਾਨ ਦੇਖ ਰਹੇ ਹਨ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ•ਨ ਵਾਲਾ ਗਰੀਬ ਦਾ ਬੱਚਾ ਵੀ ਡਾਕਟਰ, ਇੰਜੀਨੀਅਰ ਤੇ ਵਕੀਲ ਬਣ ਰਿਹਾ ਹੈ ਕਿਉਂਕਿ ਉੱਥੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਵਿਦਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ। ਨੌਜਵਾਨ ਪੰਜਾਬ ਵਿਚ ਵੀ ਦਿੱਲੀ ਦਾ ਮਾਡਲ ਦੇਖਣਾ ਚਾਹੁੰਦੇ ਹਨ। ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਆਪ ਦੇ ਪੰਜਾਬ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਵੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਮਜੀਤ ਸੰਧੀ, ਮਨਜੀਤ ਪੰਡੋਰੀ, ਸਤਪਾਲ, ਕੁਲਵੀਰ ਸਿੰਘ, ਸਲਿੰਦਰ ਸਿੰਘ, ਅਮਨ, ਸੁਰਿੰਦਰਪਾਲ ਮੱਲ, ਰਾਮ ਲੁਭਾਇਆ, ਮਨੋਜ ਕੋਛੜ ਤੇ ਸਾਥੀਆਂ ਦਾ ਸਵਾਗਤ ਕੀਤਾ। ਇਸ ਮੋਕੇ ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਡਾ. ਜਤਿੰਦਰ ਅਤੇ ਪ੍ਰਿੰਸ ਆਦਿ ਹਾਜਰ ਸਨ।