* ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਐੱਸ. ਪੀ. ਮਨਵਿੰਦਰ ਸਿੰਘ
ਫਗਵਾੜਾ ( ਡਾ ਰਮਨ ) ਐੱਸ. ਐੱਸ. ਪੀ. ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਐੱਸ. ਐੱਚ. ਓ. ਮੈਡਮ ਊਸ਼ਾ ਰਾਣੀ ਥਾਣਾ ਸਤਨਾਮਪੁਰਾ ਦੀ ਅਗਵਾਈ ਹੇਠ ਸਰਪੰਚ ਸੋਮ ਨਾਥ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਜਾਗਰੂਕ ਕਰਦਿਆਂ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਪਿੰਡ ਕਿਰਪਾਲਪੁਰ ਵਿਖੇ ਮਨਾਇਆ ਗਿਆ । ਇਸ ਮੌਕੇ ਉਚੇਚੇ ਤੌਰ ‘ਤੇ ਐੱਸ. ਪੀ. ਫਗਵਾੜਾ ਮਨਵਿੰਦਰ ਸਿੰਘ ਨੇ ਸ਼ਿਰਕਤ ਕੀਤੀ । ਇਸ ਮੌਕੇ ਐੱਸ. ਪੀ. ਮਨਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਮੁੱਖ ਮੰਤਵ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਨੌਜਵਾਨਾਂ ਨੂੰ ਬਾਹਰ ਕੱਢਣਾ ਹੈ, ਜੋ ਕਿ ਪਬਲਿਕ ਦੇ ਬਿਨਾਂ ਸੰਭਵ ਨਹੀਂ ਹੈ । ਉਹਨਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਨਸ਼ਾ ਬੇਸ਼ਕ ਇਕ ਫੈਸ਼ਨ ਬਣ ਗਿਆ ਹੈ ਲੇਕਿਨ ਇਹ ਸਾਡੇ ਸਮਾਜ ਨੂੰ ਦਿਨ – ਬ – ਦਿਨ ਖੋਖਲਾ ਕਰ ਰਿਹਾ ਹੈ । ਉਹਨਾਂ ਕਿਹਾ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਨਸ਼ਾ ਛੁਡਾਉ ਓਟ ਸੈਂਟਰ ਖੋਲੇ ਗਏ ਹਨ, ਜਿੱਥੇ ਹਜਾਰਾਂ ਨੌਜਵਾਨ ਦਵਾਈ ਲੈ ਕੇ ਇਸ ਨਾਮੁਰਾਦ ਬਿਮਾਰੀ ਤੋਂ ਆਪਣੀ ਅਨਮੋਲ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਉਣ ਵਿੱਚ ਕਾਮਯਾਬ ਹੋ ਰਹੇ ਹਨ । ਉਹਨਾਂ ਕਿਹਾ ਕਿ ਬੇਸ਼ੱਕ ਅਸੀਂ ਨਸ਼ਾ ਮਾਫੀਆ ਦਾ ਲੱਕ ਤੋੜ ਦਿੱਤਾ ਹੈ ਪਰ ਅਸੀਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗੇ, ਜਦੋਂ ਤੱਕ ਇਸ ਬੁਰਾਈ ਦੀ ਆਖਰੀ ਜੜ ਪੁਟ ਕੇ ਪੰਜਾਬ ਨੂੰ ਇਸ ਤੋਂ ਮੁਕਤ ਨਹੀਂ ਕਰਵਾ ਲੈਂਦੇ, ਇਹ ਸਾਡੀ ਭਵਿੱਖੀ ਪੀੜੀਆਂ ਪ੍ਰਤੀ ਜਿੰਮੇਵਾਰੀ ਵੀ ਬਣਦੀ ਹੈ । ਇਸ ਮੌਕੇ ਬੋਲਦਿਆਂ ਐੱਸ. ਐੱਚ. ਓ. ਮੈਡਮ ਊਸ਼ਾ ਰਾਣੀ ਥਾਣਾ ਸਤਨਾਮਪੁਰਾ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਆਪ ਸਾਰਿਆਂ ਨੂੰ ਇਕੱਠੇ ਹੋਣ ਦੀ ਜਰੂਰਤ ਹੈ ਤੇ ਜੇਕਰ ਕੋਈ ਤੁਹਾਡੇ ਆਸ ਪਾਸ ਨਸ਼ੇ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਇਲਾਜ ਕਰਵਾਇਆ ਜਾਵੇ ।ਉਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ,ਅਧਿਆਪਕ, ਬੱਚਿਆਂ, ਮਾਪਿਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸਿਆਸੀ ਪਾਰਟੀ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਤਾਲਮੇਲ ਹੋਣਾ ਬਹੁਤ ਜਰੂਰੀ ਹੈ ਤੇ ਨਸ਼ੇ ਨੂੰ ਖਤਮ ਕਰਨ ਲਈ ਇਹਨਾਂ ਸਾਰਿਆਂ ਦਾ ਅੱਗੇ ਆਉਣ ਦੀ ਸਖਤ ਲੋੜ ਹੈ । ਇਸ ਮੌਕੇ ਸਰਪੰਚ ਸੋਮ ਨਾਥ ਅਤੇ ਸਰਪੰਚ ਸਤਨਾਮ ਸਿੰਘ ਸਿਧੂ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੀ ਤਰੱਕੀ / ਤੰਦਰੁਸਤੀ ਨੂੰ ਰੋਕਣ ਵਿੱਚ ਨਸ਼ਾ ਆਪਣੀ ਇਕ ਵੱਡੀ ਭੂਮਿਕਾ ਨਿਭਾਅ ਰਿਹਾ ਹੈ, ਜੋ ਕਿ ਚਿੰਤਾਜਨਕ ਗੱਲ ਹੈ । ਉਹਨਾਂ ਕਿਹਾ ਕਿ ਨਸ਼ਿਆਂ ਨਾਲ ਛੋਟੇ – ਛੋਟੇ ਬੱਚੇ ਯਤੀਮ ਹੋ ਰਹੇ ਹਨ ਤੇ ਹਸਦੇ – ਵਸਦੇ ਘਰਾਂ ਦੇ ਘਰ ਧੜਾਧੜ ਉਜੜ ਰਹੇ ਹਨ । ਅਖੀਰ ਵਿੱਚ ਉਹਨਾਂ ਨੇ ਮਾਪਿਆਂ ਅਤੇ ਪਬਲਿਕ ਨੂੰ ਪੁਰਜੋਰ ਅਪੀਲ ਕੀਤੀ ਉਹ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਨਸ਼ੇ ਦੇ ਵਿਓਪਾਰੀਆਂ ਨੂੰ ਨੱਥ ਪਾਈ ਜਾ ਸਕੇ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਹਾਜਰੀਨ ਨੇ ਕੋਵਿਡ -19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਇਲਾਕਿਆਂ ਤੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਵੀ ਲਿਆ ਅਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਪੋਸਟਰ /ਪੈਂਫਲਿਟ ਵੀ ਵੰਡੇ ਗਏ । ਇਸ ਮੌਕੇ ਐੱਸ. ਆਈ. ਪਰਮਜੀਤ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ, ਪਰਮਜੀਤ, ਕਮਲਾ, ਬਗੀਚਾ ਰਾਮ, ਮੋਹਣ ਲਾਲ, ਹਰਬੰਸ ਲਾਲ ਆਦਿ ਵੀ ਹਾਜ਼ਰ ਸਨ ।