ਇਨ੍ਹੀ ਦਿਨੀ ਪਿਆਜ਼ ਦੀ ਕੀਮਤ ਅਸਮਾਨੀ ਚੜ੍ਹ ਗਈ ਹੈ ਅਤੇ ਪ‌ਿਆਜ਼ ਦਾ ਮੁੱਲ ਥੋੜਾ ਥੋੜਾ ਕਰਕੇ ਦਿਨੋਂ-ਦਿਨ ਵਧ ਰਿਹਾ ਹੈ। ਇਸ ਸਮੇਂ ਲੁਧਿਆਣਾ ਦੇ ਵਿੱਚ ਪਿਆਜ਼ 120-130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਜ਼‌ਿਆਦਾ ਪਿਆਜ਼ ਖਾਣ ਦੇ ਸ਼ੌਕੀਨ ਵੀ ਹੁਣ ਪਿਆਜ਼ ਤੋਂ ਮੁੱਖ ਮੋੜ ਰਹੇ ਹਨ। ਪਿਆਜ਼ ਦੀ ਦਿਨੋਂ-ਦਿਨ ਵਧ ਰਹੀ ਕੀਮਤ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਲੋਕ ਪ੍ਰੇਸ਼ਾਨ ਹਨ ਅਤੇ ਸਰਕਾਰ ‘ਤੇ ਮਹਿੰਗਾਈ ਦੀ ਭੜਾਸ ਕੱਢ ਰਹੇ ਨੇ। ਪਿਆਜ਼ਾਂ ਦੀ ਵਧੀ ਹੋਈ ਕੀਮਤ ਕਾਰਨ ਸਾਰਾ ਪਿਆਜ ਬਾਹਰੋਂ ਮੰਗਵਾਉਣਾ ਪੈ ਰਿਹਾ ਹੈ। ਪਰ ਜੋ ਲਾਲ ਪਿਆਜ਼ ਆ ਰਿਹਾ ਹੈ ਉਹ ਲੋਕਾਂ ਨੂੰ ਬਹੁਤਾ ਪਸੰਦ ਵੀ ਨਹੀਂ ਆ ਰਿਹਾ।

ਇਸ ਸਬੰਧੀ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਆਜ਼ ਹੁਣ ਉਨ੍ਹਾਂ ਦੇ ਹੰਝੂ ਕਢਾ ਰਿਹਾ ਹੈ ਰਸੋਈ ਦਾ ਬਜਟ ਹਿੱਲ ਗਿਆ ਹੈ। ਇੱਥੇ ਹੀ ਨਹੀਂ ਲਗਾਤਾਰ ਪਿਆਜ਼ ਦੀ ਕੀਮਤ ਵਧਦੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਜੋ ਸਬਜ਼ੀ ਉਹ ਪਹਿਲਾਂ ਵੱਧ ਲੈਂਦੇ ਉਹ ਹੁਣ ਉਨ੍ਹਾਂ ਨੇ ਲੈਣੀ ਘਟਾ ਦਿੱਤੀ ਹੈ॥ ਪਰ ਸਬਜ਼ੀ ਘਟਾਉਣ ਦੇ ਬਾਵਜੂਦ ਕੀਮਤ ਵਧ ਗਈ ਹੈ। ਲੋਕਾਂ ਦਾ ਵੀ ਮੰਨਣਾ ਹੈ ਕਿ ਜੋ ਪਿਆਜ਼ ਮਾਰਕੀਟ ਦੇ ਵਿੱਚ ਇੰਨ੍ਹੀ ਮਹਿੰਗੀ ਕੀਮਤ ਤੇ ਵੇਚਿਆ ਜਾ ਰਿਹਾ ਹੈ ਉਹ ਵੀ ਬੇ- ਸੁਆਦਾ ਹੈ।