ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੀ ਉਸਾਰੀ ਦੇ ਮਾਮਲੇ ਵਿਚ ਕੌਮਾਂਤਰੀ ਵਾਹ ਵਾਹ ਖੱਟਣ ਦੀ ਕਾਹਲੀ ਵਿਚ ਉਸਾਰੀ ਵਿਚ ਘਟੀਆ ਮੈਟੀਰੀਅਲ ਵਰਤੇ ਜਾਣ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਝੱਖੜ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰਲੇ 4 ਗੁੰਬਦ ਟੁੱਟ ਕੇ ਹੇਠਾਂ ਡਿੱਗ ਗਏ। ਇਹ ਮੰਦਭਾਗੀ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਇਕ ਲਾਂਘੇ ਰਾਹੀਂ ਦਰਸ਼ਨਾਂ ਵਾਸਤੇ ਖੋਲ੍ਹਿਆ ਗਿਆ ਸੀ। ਇਸੇ ਦੌਰਾਨ ਹੀ ਇਮਰਾਨ ਖਾਨ ਸਰਕਾਰ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਸੀ।


ਲੋਕ ਇਸ ਗੱਲੋਂ ਹੈਰਾਨ ਹਨ ਕਿ ਗੁਰਦੁਆਰਾ ਸਾਹਿਬ ਦੇ ਪੱਕੇ ਗੁੰਬਦ ਬਣਾਉਣ ਦੀ ਥਾਂ ਪਾਕਿਸਤਾਨ ਸਰਕਾਰ ਨੇ ਫਾਈਬਰ ਦੇ ਗੁੰਬਦ ਕਿਉਂ ਬਣਾਏ। ਕਿਸੇ ਗੁਰਦੁਆਰਾ ਸਾਹਿਬ ਦੇ ਗੁੰਬਦ ਇਸ ਤਰੀਕੇ ਆਰਜ਼ੀ ਬਣਾਏ ਗਏ ਹੋਣ, ਅਜਿਹਾ ਵਰਤਾਰਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਇਸ ਘਟਨਾ ਉਪਰੰਤ ਪਾਕਿਸਤਾਨ ਸਰਕਾਰ ਦੀ ਕੌਮਾਂਤਰੀ ਪੱਧਰ ‘ਤੇ ਆਲੋਚਲਾ ਹੋ ਰਹੀ ਹੈ। ਖਾਸ ਤੌਰ ‘ਤੇ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਹੈ।
ਪਤਾ ਲੱਗਾ ਹੈ ਕਿ ਗੁੰਬਦ ਦੀ ਮੁਰੰਮਤ ਦੀ ਜ਼ਿੰਮੇਵਾਰੀ ਫਰੰਟੀਅਰ ਵਰਕਸ ਆਰੇਨਾਈਜੇਸ਼ਨ ਹਵਾਲੇ ਕੀਤੀ ਗਈ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਐਲਾਨ ਕੋਈ ਨਹੀਂ ਕੀਤਾ ਗਿਆ। ਯਾਦ ਰਹੇ ਕਿ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਫਿਲਹਾਲ ਬੰਦ ਹਨ ਕਿਉਂਕਿ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਸੰਕਟ ਕਾਰਨ ਇਸ ਲਾਂਘੇ ਨੂੰ ਆਰਜ਼ੀ ਤੌਰ ‘ਤੇ ਬੰਦ ਕੀਤਾ ਹੋਇਆ ਹੈ।