ਪਟਿਆਲਾ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਅੱਜ ਸਵੇਰੇ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਏ ਖੂਨੀ ਟਕਰਾਅ ਵਿਚ ਨਿਹੰਗਾਂ ਨੇ ਇਕ ਏ ਐਸ ਆਈ ਦਾ ਗੁੱਟ ਵੱਢ ਸੁੱਟਿਆ।
ਮਿਲੀ ਜਾਣਕਾਰੀ ਮੁਤਾਬਕ ਨਿਹੰਗ ਸਿੰਘ ਬਿਨਾਂ ਪਾਸ ਤੋਂ ਸਬਜ਼ੀ ਮੰਡੀ ਵਿਚ ਦਾਖਲ ਹੋ ਗਏ ਜਿਸਨੂੰ ਲੈ ਕੇ ਪੁਲਿਸ ਨਾਲ ਟਕਰਾਅ ਹੋ ਗਿਆ। ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਏ ਐਸ ਆਈ ਦਾ ਗੁੱਟ ਵੱਢਣ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਏ।
ਘਟਨਾ ਬਾਰੇ ਵੇਰਵੇ ਦੱਸਦਿਆਂ ਐਸ ਐਸ ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਵੇਰੇ ਸਵਾ ਛੇ ਵਜੇ ਚਾਰ ਨਿਹੰਗ ਸਿੰਘ ਗੱਡੀ ਵਿਚ ਆਏ। ਜਦੋਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਪਾਸ ਹੈ ਤਾਂ ਉਹ ਭੜਕ ਉਠੇ ਤੇ ਬੈਰੀਕੇਡ ਤੋਂ ਗੱਡੀ ਲੰਘਾ ਕੇ ਮੰਡੀ ਦੇ ਬੋਰਡ ਵਿਚ ਮਾਰੀ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣਾ ਚਾਹਿਆ ਤਾਂ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਐਸ ਐਚ ਓ ਸਦਰ ਪਟਿਆਲਾ ਦੇ ਕੂਹਣੀ ‘ਤੇ ਸੱਟ ਵੱਜੀ ਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਹਨਾਂ ਦੱਸਿਆ ਕਿ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇਕ ਏ ਐਸ ਆਈ ਦਾ ਗੁੱਟ ਵੱਢ ਦਿੱਤਾ। ਉਹਨਾਂ ਦੱਸਿਆ ਕਿ ਉਕਤ ਮੁਲਾਜ਼ਮ ਨੂੰ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਤੇ ਫਿਰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਉਚ ਅਧਿਕਾਰੀਆਂ ਨਾਲ ਤਾਲਮੇਲ ਹੋ ਗਿਆ ਹੈ ਜੋ ਪੀ ਜੀ ਆਈ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਕਿ ਏ ਐਸ ਆਈ ਦਾ ਸਹੀ ਇਲਾਜ ਹੋ ਸਕੇ।
ਉਹਨਾਂ ਦੱਸਿਆ ਕਿ ਇਹਨਾਂ ਨਿਹੰਗ ਸਿੰਘਾਂ ਨੇ ਬਲਬੇੜਾ ਕੋਲ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਸ ਸਬੰਧੀ ਕੇਸ ਦਰਜ ਕੀਤਾ ਜਾਵੇਗਾ।