ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਲੰਘੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਅੰਦਰ ਕੀਤੀ ਮੁਲਾਕਾਤ ਅਤੇ ਉਨ੍ਹਾਂ ਦੀ ਇਕੱਠਿਆਂ ਬੈਠਿਆਂ ਦੀ ਤਸਵੀਰ ਸਾਹਮਣੇ ਆਉਣ ਉਪਰੰਤ ਜੇਲ੍ਹ ਮੰਤਰੀ ਰੰਧਾਵਾ ਦੁਆਰਾ ਜਾਂਚ ਦੇ ਹੁਕਮ ਦਿੱਤੇ ਗਏ ਸਨ ਤੇ ਜਿਸ ‘ਤੇ ਐਕਸ਼ਨ ਲੈਂਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਦਾ ਪੰਜਾਬ ਪੁਲਿਸ ਚੰਡੀਗੜ੍ਹ ਹੈੱਡਕੁਆਟਰ ਲਈ ਤਬਾਦਲਾ ਕਰ ਦਿੱਤਾ ਗਿਆ ਹੈ।

ਵਿਰਕ ਦੀ ਥਾਂ ਹੁਣ ਕਪੂਰਥਲਾ ਕੇਂਦਰੀ ਜੇਲ ਦੇ ਸੁਪਰਡੈਂਟ ਐਸ ਪੀ ਖੰਨਾ ਹੋਣਗੇ, ਜਿੰਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਨਵੀਂ ਪੋਸਟਿੰਗ ਸੰਭਾਲੀ।

ਜ਼ਿਕਰੇਖਾਸ ਹੈ ਕਿ ਪਟਿਆਲਾ ਕੇਂਦਰੀ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਤੇ ਰਾਜੋਆਣਾ ਦੀ ਮੀਟਿੰਗ ਅਤੇ ਦਫ਼ਤਰ ਦੇ ਅੰਦਰ ਫੋਟੋਆਂ ਕਲਿੱਕ ਕੀਤੇ ਜਾਣ ਦੀ ਜਾਂਚ ਦੇ ਹੁਕਮ ਹੋਏ ਸਨ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਕਾਂਗਰਸ ਦੇ ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਿਖਤੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਨ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਦੀ ਮੰਗ ਕਰਦਿਆਂ ਬਿੱਟੂ ਨੇ ਇਸ਼ਾਰਾ ਕੀਤਾ ਸੀ ਕਿ ਪਟਿਆਲਾ ਕੇਂਦਰੀ ਜੇਲ੍ਹ ਸੁਪਰਡੈਂਟ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਰਾਜੋਆਣਾ ਨੂੰ ਆਪਣੇ ਦਫ਼ਤਰ ਵਿੱਚ ਮਿਲਣ ਦੀ ਇਜਾਜ਼ਤ ਦੇ ਕੇ “ਜੇਲ ਮੈਨੂਅਲ ਦੀ ਉਲੰਘਣਾ” ਕੀਤੀ ਸੀ।

ਰਾਜੋਆਣਾ 11 ਜਨਵਰੀ ਨੂੰ ਭੁੱਖ ਹੜਤਾਲ ‘ਤੇ ਬੈਠਣ ਜਾ ਰਹੇ ਸਨ ਤੇ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਹੈ।