(ਅਸ਼ੋਕ ਲਾਲ)

ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਦਿਨ ਦਿਹਾੜੇ ਬੇਪੱਤ, ਜਲੀਲ ਅਤੇ ਗ੍ਰਿਫਤਾਰ ਕਰਨ ਦੀ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਕੜੀ ਨਿੰਦਾ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਜਨਰਲਿਸਟ ਦਵਿੰਦਰ ਪਾਲ ਨਾਲ ਹੋਏ ਦੁਰਵਿਵਹਾਰ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਜਨਰਲਿਸਟ ਦਵਿੰਦਰ ਪਾਲ ਜੀ ਨੂੰ ਉਹ ਨਿੱਜੀ ਤੌਰ ਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਹ ਬਹੁਤ ਚੰਗੇ ਸੁਭਾਅ, ਨਿਡਰ, ਇਮਾਨਦਾਰ ਅਤੇ ਉੱਚੇ ਮਿਆਰ ਵਾਲੀ ਪੱਤਰਕਾਰਤਾ ਦੇ ਮਾਲਕ ਹਨ। ਅਜਿਹੇ ਸੁਚੱਜੇ ਇਨਸਾਨ ਨਾਲ ਪੁਲਿਸ ਦੇ ਥਾਣਾ ਮੁਖੀ ਵੱਲੋਂ ਇਹੋ ਜਿਹਾ ਭੈੜਾ ਵਤੀਰਾ ਕਰਨਾ ਸੱਚਮੁੱਚ ਬਹੁਤ ਨਿੰਦਣਯੋਗ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਯੂਨੀਅਨ ਦੇ ਕੈਸ਼ੀਅਰ ਰਾਮਦਾਸ ਬਾਲੂ ਨੰਬਰਦਾਰ ਚੂਹੇਕੀ, ਪੀ.ਆਰ.ਓ ਜਗਨਨਾਥ ਚਾਹਲ ਨੰਬਰਦਾਰ ਨੂਰਮਹਿਲ ਨੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਜਨਰਲਿਸਟ ਦਵਿੰਦਰ ਪਾਲ ਸ਼ਰਮਾ ਨਾਲ ਗੁੰਡਾਗਰਦੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਇਹੋ ਜਿਹੀ ਕਿਸਮ ਦੇ ਪੁਲਿਸ ਮੁਲਾਜ਼ਮਾਂ ਦੀ ਬੁਰਛਾਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਹੋਏ ਲਾਕਡਾਊਨ ਦੌਰਾਨ ਜਿੱਥੇ ਸਾਰੀ ਪੁਲਿਸ ਆਪਣਾ ਜੀਵਨ ਦਾਅ ਤੇ ਲਗਾਕੇ ਲੋਕਾਈ ਨੂੰ ਬਚਾਉਣ ਵਿੱਚ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ
ਜਿਵੇਂ ਇੱਕ ਗੰਦੀ ਮਛਲੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ ਉਸੇ ਤਰ੍ਹਾਂ ਹੀ ਇੰਡਸਟਰੀਅਲ ਏਰੀਏ ਦੇ ਥਾਣਾ ਮੁੱਖੀ ਜਸਬੀਰ ਸਿੰਘ ਨੇ ਸਾਰੀ ਪੁਲਿਸ ਦੇ ਅਕਸ ਨੂੰ ਗੰਧਲਾ ਕਰ ਦਿੱਤਾ ਹੈ, ਲਿਹਾਜ਼ਾ ਇਹੋ ਜਿਹੇ ਅਪਰਾਧਿਕ ਸੋਚ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਜ਼ਰੂਰੀ ਹੈ ਤਾਂ ਹੀ ਲਾਅ ਐਂਡ ਆਰਡਰ ਦੀ ਮਰਿਆਦਾ ਬਰਕਰਾਰ ਰਹਿ ਸਕਦੀ ਹੈ।

ਦੱਸ ਦਈਏ ਕਿ ਪੁਲਿਸ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਉਸ ਸਮੇਂ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਸੀ ਜਦੋਂ ਉਹ ਉਹ ਪੈਦਲ ਤੁਰਕੇ ਆਪਣੇ ਦਫ਼ਤਰ ਜਾ ਰਹੇ ਸਨ। ਜਦਕਿ ਹਰ ਛੋਟਾ-ਵੱਡਾ ਪੁਲਿਸ ਅਧਿਕਾਰੀ ਉਹਨਾਂ ਦੇ ਨਾਂ, ਕੰਮ ਅਤੇ ਚਿਹਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਯਕੀਨਨ ਇਹ ਸਾਰੀ ਘਟਨਾ ਇੱਕ ਗਿਣੀ-ਮਿਥੀ ਚਾਲ ਅਨੁਸਾਰ ਹੀ ਹੋਈ।